ਦਿੱਲੀ ਗੁਰੂਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੇ ਗਠਨ ‘ਚ ਨਵੇਂ ਸਮੀਕਰਨ – ਇੰਦਰ ਮੋਹਨ ਸਿੰਘ

246
Share

ਬੀ.ਜੇ.ਪੀ. ਦੀ ਘੁੱਸਪੈਠ ਨਾਲ ਦਿੱਲੀ ਕਮੇਟੀ ਕਾਨੂੰਨੀ ਵਿਵਾਦਾਂ ਦੇ ਘੇਰੇ ’ਚ ਆ ਸਕਦੀ ਹੈ !

ਦਿੱਲੀ, 25 ਦਸੰਬਰ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਨੇੜਲੇ ਭਵਿੱਖ ’ਚ ਹੋਣ ਵਾਲੀਆਂ ਕਾਰਜਕਾਰੀ ਬੋਰਡ ਦੀ ਚੋਣਾਂ ’ਚ ਨਵੇਂ ਸਮੀਕਰਨ ਬਣਨ ਦੀ ਆਸ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦੱਸਿਆ ਹੈ ਕਿ ਦਿੱਲੀ ਕਮੇਟੀ ’ਤੇ ਕਾਬਜ ਹੋਣ ਲਈ ਬੀ.ਜੇ.ਪੀ. ਦੀ ਘੁਸਪੈਠ ਕਰਨ ਦੀ ਕਨਸੋਆਂ ਦੇ ਚਲਦੇ ਬਾਦਲ ਧੜ੍ਹੇ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਬਾਦਲ ਧੜੇ ਨਾਲ ਸਬੰਧਿਤ ਦਿੱਲੀ ਕਮੇਟੀ ਦੇ ਕੁੱਝ ਜੇਤੂ ਮੈਂਬਰਾਂ ਵਲੋਂ ਬੀ.ਜੇ.ਪੀ. ’ਚ ਸ਼ਾਮਲ ਹੋਣ ਦੀ ਸੂਰਤ ’ਚ ਨਾਂ ਤਾ ਬਾਦਲ ਧੜਾ ਤੇ ਨਾ ਹੀ ਬੀ.ਜੇ.ਪੀ. ’ਚ ਸ਼ਾਮਲ ਹੋਏ ਮੈਂਬਰ ਆਪਣੇ ਬਲਬੂਤੇ ’ਤੇ ਨਵੇਂ ਕਾਰਜਕਾਰੀ ਬੋਰਡ ’ਤੇ ਕਾਬਜ਼ ਹੋ ਸਕਦੇ ਹਨ। ਹਾਲਾਂਕਿ ਸਰਨਾ ਪਾਰਟੀ, ਜਾਗੋ ਪਾਰਟੀ ਤੇ ਬਾਦਲ ਧੜੇ ਦੇ ਬਾਕੀ ਬਚੇ ਮੈਂਬਰ ਆਪਸੀ ਸਹਿਯੋਗ ਨਾਲ ਕਮੇਟੀ ਦਾ ਗਠਨ ਕਰ ਸਕਦੇ ਹਨ ਪਰੰਤੂ ਬਾਦਲ ਧੜੇ ਦੇ ਕੱਟੜ੍ਹ ਵਿਰੋਧੀ ਸਰਨਾ ਭਰਾਵਾਂ ਵਲੋਂ ਬਾਦਲ ਅਕਾਲੀ ਦਲ ਦੇ ਮੈਂਬਰਾਂ ਦਾ ਸਮਰਥਨ ਲੈਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਹਾਲਾਤਾਂ ’ਚ ਮਨਜੀਤ ਸਿੰਘ ਜੀ.ਕੇ. ਦੀ ਜਾਗੋ ਪਾਰਟੀ ਤੇ ਬਾਦਲ ਧੜ੍ਹੇ ਦੇ ਬਾਕੀ ਬਚੇ ਮੈਂਬਰ ਕਮੇਟੀ ਦੇ ਗਠਨ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ ਇਨ੍ਹਾਂ ਦੇ ਸਹਿਯੋਗ ਤੋਂ ਬਗੈਰ ਸਰਨਾ ਧੜ੍ਹਾ ਜਾਂ ਬੀ.ਜੇ.ਪੀ. ਧੜ੍ਹਾ ਕਮੇਟੀ ’ਤੇ ਕਾਬਜ਼ ਨਹੀਂ ਹੋ ਸਕਦਾ ਹੈ। ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਜੇਕਰ ਬੀ.ਜੇ.ਪੀ. ਸਿੱਧੇ ਤੌਰ ’ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਕਰਕੇ ਕਮੇਟੀ ਬਣਾਉਨ ’ਚ ਸਫਲ ਹੁੰਦੀ ਹੈ ਤਾਂ ਇਹ ਦਿੱਲੀ ਗੁਰਦੁਆਰਾ ਐਕਟ ਦੀ ਘੋਰ ਉਲੰਘਣਾ ਹੋਵੇਗੀ ਕਿਉਂਕਿ ਗੁਰਦੁਆਰਾ ਨਿਯਮ ਇਸ ਧਾਰਮਿਕ ਸੰਸਥਾਂ ’ਚ ਕਿਸੇ ਸਿਆਸੀ ਪਾਰਟੀ ਵਲੋਂ ਦਖਲਅੰਦਾਜੀ ਕਰਨ ਦੀ ਇਜਾਜਤ ਨਹੀਂ ਦਿੰਦੇ ਹਨ।

ਸ. ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਿਕ ਬਾਕੀ ਰਹਿੰਦੀ ਨਾਮਜ਼ਦਗੀ ਪ੍ਰਕਿਆ ਪੂਰੀ ਕਰਨ ਲਈ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਜਨਵਰੀ 2022 ਦੇ ਪਹਿਲੇ ਹਫਤੇ ’ਚ ਕੋ-ਆਪਸ਼ਨ ਦੀ ਮੀਟਿੰਗ ਕਰਵਾਏ ਜਾਣ ਦੀ ਸੰਭਾਵਨਾ ਹੈ, ਜਿਸ ’ਚ ਨੁਮਾਇੰਦੇ ਵਜੋਂ ਭੇਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿਘ ਧਾਮੀ ਦੀ ਨਾਮਜ਼ਦਗੀ ਤੋਂ ਇਲਾਵਾ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਇਕ ਹੋਰ ਪ੍ਰਧਾਨ ਨੂੰ ਲਾਟਰੀ ਰਾਹੀ ਨਾਮਜ਼ਦ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਤੋਂ ਉਪਰੰਤ ਚੋਣ ਡਾਇਰੈਕਟਰ ਵਲੋਂ ਜਨਵਰੀ ਦੇ ਦੂਜੇ ਹਫਤੇ ’ਚ ਸਾਰੇ ਚੁਣੇ ਤੇ ਨਾਮਜ਼ਦ ਕੀਤੇ ਮੈਂਬਰਾਂ ਦੀ ਮੀਟਿੰਗ ਸੱਦੀ ਜਾ ਸਕਦੀ ਹੈ, ਜਿਸ ’ਚ ਮੈਂਬਰਾਂ ਨੂੰ ਸਹੁੰ ਚੁੱਕਵਾਉਣ ਤੋਂ ਬਾਅਦ ਨਵੇਂ ਕਾਰਜਕਾਰੀ ਬੋਰਡ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।


Share