ਦਿੱਲੀ ਗੁਰਦੁਆਰਾ ਚੋਣਾਂ ਦੀ ਕੋ-ਆਪਸ਼ਨ ਦੀ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ : ਇੰਦਰ ਮੋਹਨ ਸਿੰਘ

735
Share

– ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ਦੀ ਲਿਸਟ ਦਰੁੱਸਤ ਨਹੀਂ
ਦਿੱਲੀ, 9 ਸਤੰਬਰ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋ-ਆਪਸ਼ਨ ਅਰਥਾਨ ਨਾਮਜ਼ਦਗੀ ਲਈ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਅੱਜ ਸੱਦੀ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਮਾਹਰ ਸ. ਇੰਦਰ ਮੋਹਨ ਸਿੰਘ ਨੇ ਦੱਸਿਆ ਹੈ ਕਿ ਅੱਜ 9 ਮੈਂਬਰਾਂ ਦੀ ਨਾਮਜ਼ਦਗੀ ਹੋਣੀ ਸੀ, ਜਿਸ ’ਚ ਚਾਰ ਤਖਤਾਂ ਸ੍ਰੀ ਅਕਾਲ ਤਖਤ ਸਾਹਿਬ ਅਮਿ੍ਰਤਸਰ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਪਟਨਾ ਸਾਹਿਬ ’ਤੇ ਸ੍ਰੀ ਹਜੂਰ ਸਾਹਿਬ ਦੇ ਜੱਥੇਦਾਰ ਸਾਹਿਬਾਨਾਂ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਨੁਮਾਇੰਦਾ, ਦੋ ਮੈਂਬਰ ਵੋਟਾਂ ਰਾਹੀਂ ’ਤੇ ਦੋ ਮੈਂਬਰ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ’ਚੋਂ ਲਾਟਰੀ ਰਾਹੀਂ ਨਾਮਜ਼ਦ ਕੀਤੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਦੋ ਮੈਂਬਰਾਂ ਦੀ ਵੋਟਾਂ ਰਾਹੀਂ ਚੋਣ ਕਰਵਾਈ ਗਈ, ਜਿਸ ’ਚ ਸਰਨਾ ਦਲ ਦੇ ਪਰਮਜੀਤ ਸਿੰਘ ਸਰਨਾ ਨੂੰ 18 ’ਤੇ ਬਾਦਲ ਦਲ ਦੇ ਦੋ ਉਮੀਦਵਾਰਾਂ ਨੂੰ 15 ਤੇ 12 ਵੋਟਾਂ ਹਾਸਲ ਹੋਈਆਂ, ਜਦਕਿ ਬਾਦਲ ਦਲ ਦੇ ਇਕ ਮੈਂਬਰ ਦੀ ਵੋਟ ਅਦਾਲਤ ਦੇ ਆਦੇਸ਼ਾਂ ਮੁਤਾਬਕ ਸੀਲ ਬੰਦ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ’ਚ ਜੇਤੂ ਉਮੀਦਵਾਰ ਨੂੰ 16 ਵੋਟਾਂ ਹਾਸਿਲ ਕਰਣੀਆਂ ਲਾਜ਼ਮੀ ਸਨ। ਹਾਲਾਂਕਿ ਚੋਣ ਨਤੀਜੇ ਕੱਲ੍ਹ ਦਿੱਲੀ ਹਾਈ ਕੋਰਟ ਦੇ ਸਨਮੁਖ ਐਲਾਨੇ ਜਾਣਗੇ। ਸ. ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਇਸ ਪ੍ਰਕਿਆ ਤੋਂ ਉਪਰੰਤ ਮੌਜੂਦ ਮੈਂਬਰਾਂ ਵਲੋਂ ਸਿੰਘ ਸਭਾ ਗੁਰੂਦੁਆਰਿਆਂ ਦੀ ਲਿਸਟ ’ਚ ਖਾਮੀਆਂ ਸਬੰਧੀ ਕੀਤੇ ਇਤਰਾਜ਼ਾਂ ਕਾਰਨ ਮੀਟਿੰਗ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ, ਜਿਸ ਨਾਲ ਨਾ ਤਾਂ ਇਨ੍ਹਾਂ ਪ੍ਰਧਾਨਾਂ ਦੀ ਲਾਟਰੀ ਕੱਢੀ ਜਾ ਸਕੀ ਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਤੇ ਚਾਰ ਤਖਤਾਂ ਦੇ ਜੱਥੇਦਾਰ ਸਾਹਿਬਾਨ ਨਾਮਜ਼ਦ ਹੋ ਸਕੇ। ਉਨ੍ਹਾਂ ਦੱਸਿਆ ਕਿ ਚੋਣ ਵਿਭਾਗ ਵਲੋਂ ਸਿੰਘ ਸਭਾ ਦੀ ਸੂਚੀਆਂ ਦਰੁੱਸਤ ਕਰਨ ਤੋਂ ਉਪਰੰਤ ਕੋ-ਆਪਸ਼ਨ ਦੀ ਅਗਲੇਰੀ ਮੀਟਿੰਗ ਦੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋ-ਆਪਸ਼ਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਉਪਰੰਤ ਹੀ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਚੋਣਾਂ ਦੀ ਤਾਰੀਖ ਮਿੱਥੀ ਜਾਵੇਗੀ।

Share