ਦਿੱਲੀ ਗੁਰਦੁਆਰਾ ਕਮੇਟੀ ਦਾ ਨਵੇਂ ਪ੍ਰਧਾਨ ਦੀ ਚੋਣ 22 ਜਨਵਰੀ ਨੂੰ

269
Share

ਨਵੀਂ ਦਿੱਲੀ, 21 ਜਨਵਰੀ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਤੇ ਅੰਤਰਿੰਗ ਬੋਰਡ ਦੀ ਚੋਣ 22 ਜਨਵਰੀ ਨੂੰ ਹੋਵੇਗੀ। ਇਸ ਦੇ ਲਈ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਨਰਿੰਦਰ ਸਿੰਘ ਵਲੋਂ ਮੰਗਲਵਾਰ ਦੇਰ ਰਾਤ ਚਿੱਠੀ ਜਾਰੀ ਕਰਕੇ 22 ਜਨਵਰੀ ਨੂੰ ਜਨਰਲ ਇਜਲਾਸ ਸੱਦੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ। ਦਿੱਲੀ ਕਮੇਟੀ ਦੇ ਕੁਲ 55 ਮੈਂਬਰੀ ਜਨਰਲ ਹਾਊਸ ’ਚ ਚਾਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਛੱਡ ਕੇ ਬਾਕੀ 51 ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ। ਹੁਣ 22 ਜਨਵਰੀ ਨੂੰ ਕਮੇਟੀ ਦੇ ਕਾਨਫਰੰਸ ਹਾਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਉੱਥੇ ਹੀ ਕਮੇਟੀ ਦੇ ਸਾਰੇ ਨਵੇਂ ਅਹੁਦੇਦਾਰਾਂ ਤੇ ਅੰਤਰਿੰਗ ਬੋਰਡ ਦੀ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਸਰਬਸੰਮਤੀ ਨਾਲ ਪ੍ਰੋਟੈਮ ਸਪੀਕਰ ਚੁਣਿਆ ਜਾਵੇਗਾ, ਜੋ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਕਰਵਾਏਗਾ। ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਜੁਆਇੰਟ ਸਕੱਤਰ ਯਾਨੀ ਕੁੱਲ 5 ਮੁਖੀ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਕਾਰਜਕਾਰਨੀ ਲਈ 10 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ 15 ਮੈਂਬਰੀ ਨਵੇਂ ਬੋਰਡ ਦਾ ਗਠਨ ਹੋ ਜਾਵੇਗਾ। ਦੱਸਣਯੋਗ ਹੈ ਕਿ ਆਮ ਚੋਣਾਂ ’ਚ ਬਾਦਲ ਦਲ ਨੂੰ 27 ਸੀਟਾਂ ਮਿਲੀਆ ਸੀ, ਜਦਕਿ ਸਰਨਾ ਧੜੇ ਨੂੰ 14, ਜਾਗੋ ਨੂੰ 3, ਪੰਥਕ ਅਕਾਲੀ ਲਹਿਰ ਨੂੰ 1 ਤੇ 1 ਸੀਟ ’ਤੇ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ ਸੀ। ਨਿਯਮਾਂ ਮੁਤਾਬਿਕ 5 ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਬਾਦਲ ਦਲ ਦੇ ਮੁਕਾਬਲੇ ਵਿਰੋਧੀ ਧਿਰ ਇਕੱਠੀ ਹੋਣ ਕਾਰਨ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ।

Share