ਦਿੱਲੀ ਗੁਰਦੁਆਰਾ ਕਮੇਟੀ ਕਿਸਾਨ ਆਗੂ ਖਿਲਾਫ ਟਿੱਪਣੀਆਂ ਕਰਨ ਵਾਲੇ ਭਾਜਪਾ ਆਗੂ ਖਿਲਾਫ ਦਰਜ ਕਰਵਾਏਗੀ ਕੇਸ

132
Share

ਨਵੀਂ ਦਿੱਲੀ, 24 ਜੁਲਾਈ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਫਿਰਕੂਵਾਦੀ ਸੋਚ ਦੇ ਮਾਲਕ ਗੁਨੀ ਪ੍ਰਕਾਸ਼ ਵੱਲੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਲਈ ਕਮੇਟੀ ਉਸ ਖ਼ਿਲਾਫ਼ ਕੇਸ ਦਰਜ ਕਰਵਾਏਗੀ। ਸਿਰਸਾ ਨੇ ਕਿਹਾ, ‘‘ਉਸ ਨੂੰ ਜੇਲ੍ਹ ਵੀ ਛੱਡ ਕੇ ਆਵਾਂਗੇ ਤੇ ਐਸਾ ਸਬਕ ਸਿਖਾਵਾਂਗੇ ਕਿ ਉਸਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ।’’
ਇੱਥੇ ਜਾਰੀ ਇਕ ਬਿਆਨ ਵਿਚ ਸ਼੍ਰੀ ਸਿਰਸਾ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਖ਼ਿਲਾਫ਼ ਗੁਨੀ ਪ੍ਰਕਾਸ਼ ਨੇ ਜੋ ਘਟੀਆ ਕਿਸਮ ਦੀ ਬਿਆਨਬਾਜ਼ੀ ਕੀਤੀ ਹੈ, ਉਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨਸਲੀ ਟਿੱਪਣੀ ਅਚਾਨਕ ਹੀ ਨਹੀਂ ਕੀਤੀ ਗਈ, ਬਲਕਿ ਇਕ ਗਿਣੀ-ਮਿੱਥੀ ਸਾਜਿਸ਼ ਤਹਿਤ ਅਜਿਹਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਸ ਬਿਆਨ ਵਿਰੁੱਧ ਕੇਸ ਦਰਜ ਕਰਵਾਇਆ ਜਾਵੇਗਾ। ਸ਼੍ਰੀ ਸਿਰਸਾ ਨੇ ਕਿਹਾ ਕਿ ਇਹ ਬਿਆਨ ਹਿੰਦੂ ਤੇ ਸਿੱਖਾਂ ਅੰਦਰ ਪਾੜਾ ਪਾਉਣ ਦੇ ਮਨਸ਼ੇ ਨਾਲ ਉਸੇ ਤਰੀਕੇ ਦਿੱਤਾ ਗਿਆ ਹੈ, ਜਿਵੇਂ ਕਿ 26 ਜਨਵਰੀ ਦੇ ਸੰਘਰਸ਼ ਨੂੰ ਸਰਕਾਰ ਨੇ ਸਿਰਫ ਸਿੱਖਾਂ ਦਾ ਸੰਘਰਸ਼ ਦੱਸ ਕੇ ਸਿੱਖਾਂ ਦੀ ਦੁਨੀਆਂ ਭਰ ’ਚ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਸੀ।

Share