ਨਵੀਂ ਦਿੱਲੀ, 19 ਨਵੰਬਰ (ਪੰਜਾਬ ਮੇਲ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਹਰਿੰਦਰਪਾਲ ਸਿੰਘ ਤੇ ਜਤਿੰਦਰ ਸਿੰਘ ਸਾਹਨੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ੇ ਦੇ ਦਿੱਤੇ ਹਨ। ਦੋਵਾਂ ਆਗੂਆਂ ਨੇ ਦਲ ਦੇ ਮੁੱਢਲੇ ਸਿਧਾਂਤਾਂ ਤੋਂ ਲਾਂਭੇ ਜਾਣ ਦਾ ਦੋਸ਼ ਲਾਉਂਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫੇ ਵਾਲੀ ਸਾਂਝੀ ਚਿੱਠੀ ਭੇਜੀ ਹੈ। ਹਰਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਕੁੱਝ ਦਿਨ ਆਰਾਮ ਕਰਕੇ ਤੇ ਸਾਥੀਆਂ ਨਾਲ ਸਲਾਹ ਮਸ਼ਵਰੇ ਮਗਰੋਂ ਅਗਲਾ ਕਦਮ ਪੁੱਟਣਗੇ। ਜਤਿੰਦਰ ਸਿੰਘ ਸਾਹਨੀ ਪਹਿਲਾਂ ਵੀ ਦਲ-ਬਦਲੀ ਕਰਦੇ ਰਹੇ ਹਨ। ਅਸਤੀਫ਼ੇ ਦੇਣ ਮਗਰੋਂ ਦੋਵੇਂ ਮੈਂਬਰ ਹੁਣ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ।