ਦਿੱਲੀ ਅਦਾਲਤ ਵੱਲੋਂ ਸ਼ਸ਼ੀ ਥਰੂਰ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਮਾਮਲੇ ’ਚ ਬਰੀ

555
ਦਿੱਲੀ ਅਦਾਲਤ ਵੱਲੋਂ ਸ਼ਸ਼ੀ ਥਰੂਰ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਮਾਮਲੇ ’ਚ ਬਰੀ
Share

ਨਵੀਂ ਦਿੱਲੀ, 19 ਅਗਸਤ (ਪੰਜਾਬ ਮੇਲ)-ਦਿੱਲੀ ਦੀ ਅਦਾਲਤ ਨੇ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਉਸ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਲਗਜ਼ਰੀ ਹੋਟਲ ਵਿਚ ਹੋਈ ਮੌਤ ਦੇ ਮਾਮਲੇ ਵਿਚੋਂ ਬਰੀ ਕਰ ਦਿੱਤਾ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਉਪਰੋਕਤ ਹੁਕਮ ਵਰਚੁਅਲ ਸੁਣਵਾਈ ਦੌਰਾਨ ਕੀਤੇ। ਤਫ਼ਸੀਲੀ ਹੁਕਮਾਂ ਦੀ ਅਜੇ ਉਡੀਕ ਹੈ। ਥਰੂਰ, ਜੋ ਵਰਚੁਅਲ ਸੁਣਵਾਈ ਵਿਚ ਸ਼ਾਮਲ ਸਨ, ਨੇ ਫੈਸਲੇ ਮਗਰੋਂ ਜੱਜ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ‘ਪਿਛਲੇ ਸਾਢੇ ਸੱਤ ਸਾਲ ਉਸ ਲਈ ਕਿਸੇ ਤਸ਼ੱਦਦ ਤੋਂ ਘੱਟ ਨਹੀਂ ਸਨ’।¿;
ਕਾਂਗਰਸ ਆਗੂ ਨੇ ਹੁਕਮਾਂ ਨੂੰ ‘ਵੱਡੀ ਰਾਹਤ’ ਕਰਾਰ ਦਿੱਤਾ ਹੈ। ਸੁਨੰਦਾ ਪੁਸ਼ਕਰ 17 ਜਨਵਰੀ 2014 ਨੂੰ ਦਿੱਲੀ ਦੇ ਇਕ ਲਗਜ਼ਰੀ ਹੋਟਲ ਦੇ ਵਿਚ ਮਿ੍ਰਤ ਮਿਲੀ ਸੀ। ਇਹ ਜੋੜਾ ਉਸ ਵੇਲੇ ਹੋਟਲ ਵਿਚ ਰਹਿ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਸਰਕਾਰੀ ਬੰਗਲੇ ਦੀ ਮੁਰੰਮਤ ਹੋ ਰਹੀ ਸੀ। ਥਰੂਰ ਖ਼ਿਲਾਫ਼ ਧਾਰਾ 498-ਏ ਤੇ 306 ਤਹਿਤ ਕੇਸ ਦਰਜ ਕੀਤਾ ਗਿਆ ਸੀ, ਪਰ ਉਸ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਸੀ। ਸੈਸ਼ਨ ਕੋਰਟ ਨੇ 5 ਜੁਲਾਈ 2018 ਨੂੰ ਕਾਂਗਰਸੀ ਆਗੂ ਨੂੰ ਪੇਸ਼ਗੀ ਜ਼ਮਾਨਤ ਦਿੱਤੀ। ਹਾਲਾਂਕਿ ਮੈਜਿਸਟਰੇਟੀ ਅਦਾਲਤ ਨੇ ਮਗਰੋਂ ਇਸ ਨੂੰ ਨਿਯਮਿਤ ਜ਼ਮਾਨਤ ਵਿਚ ਤਬਦੀਲ ਕਰ ਦਿੱਤਾ ਸੀ।
ਥਰੂਰ ਨੇ ਮਗਰੋਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਖੀਰ ਨੂੰ ਨਿਆਂ ਮਿਲਿਆ ਹੈ, ਜੋ ਪਰਿਵਾਰ ਵਿਚ ਸ਼ਾਮਲ ਹਰੇਕ ਨੂੰ ਸੁਨੰਦਾ ਦੀ ਮੌਤ ਦਾ ਵਿਰਲਾਪ ਕਰਨ ਦੀ ਇਜਾਜ਼ਤ ਦੇਵੇਗਾ। ਥਰੂਰ ਨੇ ਟਵਿੱਟਰ ’ਤੇ ਜਾਰੀ ਬਿਆਨ ਵਿਚ ਕਿਹਾ, ‘‘ਸਾਡੇ ਨਿਆਂ ਪ੍ਰਬੰਧ ਵਿਚ, ਅਕਸਰ ਇਹ ਪੂਰਾ ਅਮਲ ਸਜ਼ਾ ਵਾਂਗ ਹੁੰਦਾ ਹੈ। ਪਰ ਅਖੀਰ ਨੂੰ ਇਨਸਾਫ਼ ਮਿਲਿਆ ਹੈ, ਜੋ ਸਾਡੇ ਸਾਰੇ ਪਰਿਵਾਰ ਨੂੰ ਸੁਨੰਦਾ ਦੀ ਮੌਤ ’ਤੇ ਵਿਰਲਾਪ ਕਰਨ ਦੀ ਇਜਾਜ਼ਤ ਦੇਵੇਗਾ।’ ਥਰੂਰ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਨਾਲ ਉਸ ‘ਲੰਮੇ ਡਰਾਉਣੇ ਸੁਫ਼ਨੇ’ ਦਾ ਅੰਤ ਹੋਇਆ ਹੈ, ਜਿਸ ਨੇ ਮੇਰੀ ਮਰਹੂਮ ਪਤਨੀ ਸੁਨੰਦਾ ਦੀ ਮੌਤ ਮਗਰੋਂ ਮੈਨੂੰ ਘੇਰ ਰੱਖਿਆ ਸੀ।’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਮੈਂ ਆਪਣੇ ਪਿੰਡੇ ’ਤੇ ਬੜੇ ਧੀਰਜ ਨਾਲ ਦਰਜਨਾਂ ਬੇਬੁਨਿਆਦ ਦੋਸ਼ ਹੰਢਾਏ ਹਨ, ਪਰ ਮੈਨੂੰ ਭਾਰਤ ਦੀ ਨਿਆਪਾਲਿਕਾ ’ਤੇ ਪੂਰਾ ਭਰੋਸਾ ਸੀ, ਜਿਸ ਦੀ ਅੱਜ ਪੁਸ਼ਟੀ ਹੋਈ ਹੈ।’’ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅੰਤਿਮ ਬਹਿਸ ਦੌਰਾਨ ਪੁਲਿਸ ਨੇ ਥਰੂਰ ਖ਼ਿਲਾਫ਼ ਧਾਰਾ 306 (ਖ਼ੁਦਕੁਸ਼ੀ ਲਈ ਮਜਬੂਰ ਕਰਨ) ਤਹਿਤ ਦੋਸ਼ ਲਾਉਣ ਦੀ ਮੰਗ ਕੀਤੀ, ਜਦੋਂਕਿ ਕਾਂਗਰਸ ਆਗੂ ਵੱਲੋਂ ਪੇਸ਼ ਸੀਨੀਅਰ ਵਕੀਲ ਵਿਕਾਸ ਪਾਹਵਾ ਨੇ ਕੋਰਟ ਨੂੰ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ਵਿਚ ਸਿਆਸਤਦਾਨ ਨੂੰ ਉਸ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਗਿਆ ਹੈ। ਪਾਹਵਾ ਨੇ ਇਸ ਤੋਂ ਪਹਿਲਾਂ ਕੋਰਟ ਨੂੰ ਦੱਸਿਆ ਸੀ ਕਿ ਪੁਸ਼ਕਰ ਦੇ ਪਰਿਵਾਰ ਤੇ ਦੋਸਤਾਂ ਦਾ ਇਹ ਕਹਿਣਾ ਸੀ ਕਿ ਉਸ ਦੀ ਮੌਤ ਖੁਦਕੁਸ਼ੀ ਕੀਤੇ ਜਾਣ ਨਾਲ ਨਹੀਂ ਹੋ ਸਕਦੀ ਤੇ ਇਸ ਆਧਾਰ ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਵੀ ਨਹੀਂ ਲਾਇਆ ਜਾ ਸਕਦਾ।

Share