ਦਿੱਲੀ ਅਦਾਲਤ ਵੱਲੋਂ ਪੱਤਰਕਾਰ ਮਨਦੀਪ ਪੂਨੀਆ ਨੂੰ ਜ਼ਮਾਨਤ

486
Share

ਨਵੀਂ ਦਿੱਲੀ, 3 ਫਰਵਰੀ (ਪੰਜਾਬ ਮੇਲ)- ਦਿੱਲੀ ਦੀ ਇੱਕ ਅਦਾਲਤ ਨੇ ਫਰੀਲਾਂਸ ਪੱਤਰਕਾਰ ਮਨਦੀਪ ਪੂਨੀਆ ਨੂੰ ਜ਼ਮਾਨਤ ਦੇ ਦਿੱਤੀ ਹੈ। ਪੂਨੀਆ ‘ਕਾਰਵਾਂ’ ਮੈਗਜ਼ੀਨ ਲਈ ਪੱਤਰਕਾਰੀ ਕਰਦਾ ਹੈ। ਦਿੱਲੀ ਪੁਲਿਸ ਨੇ ਪੂਨੀਆ ਨੂੰ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਮੈਟਰੋਪੌਲੀਟਨ ਮੈਜਿਸਟਰੇਟ ਸਤਵੀਰ ਸਿੰਘ ਲਾਂਬਾ ਨੇ ਪੂਨੀਆ ਨੂੰ ਜ਼ਮਾਨਤ ਦਿੰਦਿਆਂ ਕਿਹਾ, ‘‘ਸ਼ਿਕਾਇਤਕਰਤਾ, ਪੀੜਤ ਅਤੇ ਗਵਾਹ ਸਿਰਫ਼ ਪੁਲਿਸ ਹੈ, ਇਸ ਲਈ ਇਹ ਸੰਭਵ ਨਹੀਂ ਕਿ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।’’ ਪੁਲਿਸ ਨੇ ਪੂਨੀਆ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਖ਼ਿਲਾਫ਼ ਆਈ.ਪੀ.ਸੀ. ਦੀਆਂ 186, 353 ਤੇ 332 ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਜੱਜ ਨੇ ਆਪਣੇ ਆਦੇਸ਼ ਵਿਚ ਇਹ ਨੁਕਤਾ ਉਭਾਰਿਆ ਕਿ (ਪੂਨੀਆ ਦੀ) ਪੁਲਿਸ ਨਾਲ ਕਥਿਤ ਝੜਪ ਸ਼ਾਮ ਨੂੰ 6.30 ਵਜੇ ਹੋਈ, ਜਦੋਂਕਿ ਮੌਜੂਦਾ ਐੱਫ.ਆਈ.ਆਰ. ਅਗਲੇ ਦਿਨ ਤੜਕੇ 1.21 ਵਜੇ ਦੇ ਲਗਪਗ ਦਰਜ ਕੀਤੀ ਗਈ ਹੈ। ਅਦਾਲਤ ਨੇ ਹਾਲਾਂਕਿ ਪੂਨੀਆ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਈਆਂ ਹਨ। ਉਹ ਬਿਨਾਂ ਇਜਾਜ਼ਤ ਦੇਸ਼ ਤੋਂ ਬਾਹਰ ਨਹੀਂ ਜਾ ਸਕੇਗਾ। ਅਲੀਪੁਰ ਵਾਸੀ ਸੰਜੇ ਮਾਨ ਨੇ ਪੂਨੀਆ ਦੀ ਜ਼ਮਾਨਤ ਲਈ ਹੈ।


Share