ਦਿਸ਼ਾ ਰਵੀ ਦੀ ਗਿ੍ਰਫ਼ਤਾਰੀ ਕਾਨੂੰਨ ਅਨੁਸਾਰ : ਦਿੱਲੀ ਪੁਲਿਸ

450
Share

-ਦਿੱਲੀ ਪੁਲਿਸ ਨੇ ‘ਜ਼ੂਮ ਐਪ’ ਰਾਹੀਂ ਕੀਤੀ ਕਾਨਫਰੰਸ ’ਚ ਸ਼ਾਮਲ ਲੋਕਾਂ ਦੀ ਮੰਗੀ ਜਾਣਕਾਰੀ
ਪੁਲਿਸ ਦਾ ਦਾਅਵਾ: ‘ਟੈਲੀਗ੍ਰਾਮ ਐਪ’ ਰਾਹੀਂ ਦਿਸ਼ਾ ਨੇ ਗ੍ਰੇਟਾ ਥਨਬਰਗ ਨੂੰ ਭੇਜੀ ਸੀ ‘ਟੂਲਕਿੱਟ’
ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)- ਦਿੱਲੀ ਪੁਲਿਸ ਕਮਿਸ਼ਨਰ ਐਸ.ਐਨ. ਸ੍ਰੀਵਾਸਤਵ ਨੇ ਮੰਗਲਵਾਰ ਨੂੰ ਕਿਹਾ ਕਿ ਜਲਵਾਯੂ ਕਾਰਕੁਨ ਦਿਸ਼ਾ ਰਵੀ ਦੀ ਗਿ੍ਰਫ਼ਤਾਰੀ ਕਾਨੂੰਨ ਅਨੁਸਾਰ ਹੀ ਕੀਤੀ ਗਈ ਹੈ, ਜੋ 22 ਤੋਂ 50 ਸਾਲ ਦੀ ਉਮਰ ਦੇ ਲੋਕਾਂ ਦਰਮਿਆਨ ਕੋਈ ਭੇਦਭਾਵ ਨਹੀਂ ਕਰਦਾ। ਸ੍ਰੀਵਾਸਤਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਗ਼ਲਤ ਹੈ ਕਿ ਜਦੋਂ ਲੋਕ ਕਹਿੰਦੇ ਹਨ ਕਿ 22 ਸਾਲਾ ਕਾਰਕੁਨ ਦੀ ਗਿ੍ਰਫ਼ਤਾਰੀ ’ਚ ਖ਼ਾਮੀਆਂ ਹੋਈਆਂ ਹਨ। ਦਿਸ਼ਾ ਰਵੀ ਨੂੰ ਤਿੰਨ ਖੇਤੀ ਕਾਨੂੰਨਾਂ ਨਾਲ ਸਬੰਧਿਤ, ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਜੁੜੀ ‘ਟੂਲਕਿੱਟ’ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੇ ਦੋਸ਼ ’ਚ ਬੀਤੇ ਸ਼ਨਿੱਚਰਵਾਰ ਨੂੰ ਬੈਂਗਲੁਰੂ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ‘ਟੈਲੀਗ੍ਰਾਮ ਐਪ’ ਰਾਹੀਂ ਜਲਵਾਯੂ ਪਰਿਵਰਤਨ ਕਾਰਜਕਰਤਾ ਗ੍ਰੇਟਾ ਥਨਬਰਗ ਨੂੰ ਇਹ ‘ਟੂਲਕਿੱਟ’ ਭੇਜੀ ਸੀ ਅਤੇ ਇਸ ’ਤੇ ਕਾਰਵਾਈ ਲਈ ਉਸ ਨੇ ਇਹ ਮੰਨਿਆ ਸੀ। ਦਿੱਲੀ ਪੁਲਿਸ ਮੁਖੀ ਨੇ ਕਿਹਾ ਕਿ ਦਿਸ਼ਾ ਰਵੀ ਨੂੰ ਪੰਜ ਦਿਨ ਦੀ ਪੁਲਿਸ ਹਿਰਾਸਤ ’ਚ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਟੂਲਕਿੱਟ ਮਾਮਲੇ ’ਚ ਦਿੱਲੀ ਪੁਲਿਸ ਨੇ ਵੀਡੀਓ ਕਾਨਫ਼ਰੰਸ ਲਈ ਵਰਤੀ ਗਈ ‘ਜ਼ੂਮ ਐਪ’ ਨੂੰ ਪੱਤਰ ਭੇਜ ਕੇ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਮੰਗੀ ਹੈ, ਜੋ 11 ਜਨਵਰੀ ਨੂੰ ਆਨਲਾਈਨ ਬੈਠਕ ’ਚ ਸ਼ਾਮਿਲ ਸਨ। ਪੁਲਿਸ ਮੁਤਾਬਿਕ ਖ਼ਾਲਿਸਤਾਨੀ ਪੱਖੀ ਸਮੂਹ ਦੁਆਰਾ ਕਥਿਤ ਤੌਰ ’ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ 11 ਜਨਵਰੀ ਜ਼ੂਮ ਕਾਨਫ਼ਰੰਸ ਕੀਤੀ ਗਈ ਸੀ। ਪੁਲਿਸ ਨੇ ਦੋਸ਼ ਲਗਾਇਆ ਕਿ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂ ਸਮੇਤ 70 ਦੇ ਕਰੀਬ ਲੋਕ ਹਨ, ਜੋ ਕੌਮੀ ਰਾਜਧਾਨੀ ’ਚ ਗਣਤੰਤਰ ਦਿਵਸ ਦੀ ਹਿੰਸਾ ਤੋਂ ਕੁਝ ਦਿਨ ਪਹਿਲਾਂ ਜ਼ੂਮ ਐਪ ਰਾਹੀਂ ਮੀਟਿੰਗ ’ਚ ਸ਼ਾਮਿਲ ਹੋਏ ਸਨ। ਪੁਲਿਸ ਨੇ ਕਿਹਾ ਕਿ ਕੈਨੇਡਾ ਦੀ ਰਹਿਣ ਵਾਲੀ ਪੁਨੀਤ ਨਾਂਅ ਦੀ ਔਰਤ ਨੇ ਇਨ੍ਹਾਂ ਨੂੰ ਪੀ.ਜੇ.ਐੱਫ਼. ਨਾਲ ਜੋੜਿਆ ਸੀ ਤੇ ਇਸੇ ਰਾਹੀਂ ‘ਗਲੋਬਲ ਫਾਰਮਰ ਸਟ੍ਰਾਈਕ’ ਤੇ ‘ਗਲੋਬਲ ਡੇਅ ਆਫ਼ ਐਕਸ਼ਨ 26 ਜਨਵਰੀ’ ਵਰਗੇ ਸਿਰਲੇਖ ਵਾਲੇ ਟੂਲਕਿੱਟ ਗੂਗਲ ਦਸਤਾਵੇਜ਼ਾਂ ਦਾ ਨਿਰਮਾਣ ਕੀਤਾ ਗਿਆ ਸੀ।

Share