ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਖੁਰਾਸਾਨ ਵੱਲੋਂ ਭਾਰਤ ’ਚ ਪੈਰ ਪਸਾਰਨ ਦੀ ਸਾਜ਼ਿਸ਼

479
Share

ਨਵੀਂ ਦਿੱਲੀ, 30 ਅਗਸਤ (ਪੰਜਾਬ ਮੇਲ)- ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਖੁਰਾਸਾਨ ਵੱਲੋਂ ਭਾਰਤ ’ਚ ਪੈਰ ਪਸਾਰੇ ਜਾਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਖ਼ੁਫ਼ੀਆ ਏਜੰਸੀਆਂ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ ਖੁਰਾਸਾਨ ਨਾਲ ਜੁੜੇ ਦਹਿਸ਼ਤਗਰਦਾਂ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਮਗਰੋਂ ਆਪਣੀ ਪੈਂਠ ਮਜ਼ਬੂਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਨਸਰਾਂ ਨੇ ਹੁਣ ਮੱਧ ਏਸ਼ੀਆ ਅਤੇ ਫਿਰ ਭਾਰਤ ’ਚ ਜਹਾਦ ਦੇ ਨਾਮ ’ਤੇ ਦਹਿਸ਼ਤ ਫੈਲਾਉਣ ਦੀ ਯੋਜਨਾ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਖ਼ੁਫ਼ੀਆ ਰਿਪੋਰਟਾਂ ਮੁਤਾਬਕ ਇਸਲਾਮਿਕ ਸਟੇਟ ਖੁਰਾਸਾਨ ਵੱਲੋਂ ਨੌਜਵਾਨਾਂ ਨੂੰ ਭਰਤੀ ਕਰਕੇ ਦਹਿਸ਼ਤੀ ਹਮਲੇ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਏਜੰਡੇ ’ਤੇ ਭਾਰਤ ਸਮੇਤ ਹੋਰ ਥਾਵਾਂ ਉਪਰ ‘ਖ਼ਲੀਫ਼ਾ ਦਾ ਸ਼ਾਸਨ’ ਕਾਇਮ ਕਰਨਾ ਹੈ। ਕੇਰਲਾ ਅਤੇ ਮੁੰਬਈ ਦੇ ਕਈ ਨੌਜਵਾਨ ਪਹਿਲਾਂ ਹੀ ਇਸਲਾਮਿਕ ਸਟੇਟ ਦੇ ਜਹਾਦੀਆਂ ਨਾਲ ਰਲੇ ਹੋਏ ਸਨ। ਖ਼ੁਫ਼ੀਆ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸਲਾਮਿਕ ਸਟੇਟ ਖੁਰਾਸਾਨ ਭਾਰਤ ਅਤੇ ਭਾਰਤੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਜਹਾਦੀਆਂ ਨੂੰ ਸਰਗਰਮ ਕਰ ਸਕਦੇ ਹਨ। ਉਧਰ ਜੈਸ਼-ਏ-ਮੁਹੰਮਦ ਨੇ ਵੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੀ ਸਹਾਇਤਾ ਨਾਲ ਆਪਣਾ ਅੱਡਾ ਕੰਧਾਰ ਨਾਲ ਲਗਦੇ ਹੇਲਮੰਡ ਸੂਬੇ ’ਚ ਤਬਦੀਲ ਕਰ ਲਿਆ ਹੈ।

Share