ਦਹਾਕਿਆਂ ਤੋਂ ਵਿਦੇਸ਼ੀ ਇਮੀਗ੍ਰਾਂਟਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਟੋਰਾਂਟੋ

447
Share

-ਬੀਤੇ ਇਕ ਸਾਲ ਦੌਰਾਨ ਸਭ ਤੋਂ ਵੱਧ ਤਰੱਕੀ ਹੋਈ
ਬਰੈਂਪਟਨ, 21 ਜੂਨ (ਪੰਜਾਬ ਮੇਲ)-ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਟੋਰਾਂਟੋ ਹੈ, ਜੋ ਦਹਾਕਿਆਂ ਤੋਂ ਉਨ੍ਹਾਂ ਵਿਦੇਸ਼ੀ ਇਮੀਗ੍ਰਾਂਟਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਨ੍ਹਾਂ ਨੇ ਵੱਡੀ ਤਦਾਦ ‘ਚ ਇਸ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਨੂੰ ਆਪਣੇ ਪੱਕੇ ਠਿਕਾਣੇ ਵਜੋਂ ਚੁਣਿਆ। ਸ਼ੁਰੂ ‘ਚ ਭਾਵੇਂ ਨੌਕਰੀਆਂ ਦੀ ਵੱਧ ਸੰਭਾਵਨਾ ਹੋਣ ਕਾਰਨ ਟੋਰਾਂਟੋ ਸ਼ਹਿਰ ਅਤੇ ਨੇੜਲਾ ਇਲਾਕਾ ਬਾਹਰਲੇ ਲੋਕਾਂ ਵਾਸਤੇ ਅਕ੍ਰਸ਼ਿਤ ਸੀ ਪਰ ਮੌਜੂਦਾ ਸਮੇਂ ‘ਚ ਬਹੁਤ ਸਾਰੇ ਵਿਦੇਸ਼ੀ ਲੋਕ ਇੱਥੇ ਵਸੇ ਹੋਏ ਆਪਣੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਸਦਕਾ ਇੱਥੇ ਆ ਕੇ ਕੈਨੇਡਾ ‘ਚ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਨੂੰ ਸੌਖਾ ਸਮਝਦੇ ਹਨ ਕਿਉਂਕਿ ਨੌਕਰੀ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨਾ ਸੌਖਾ ਹੋ ਜਾਂਦਾ ਹੈ। ਟੋਰਾਂਟੋ ਲੰਬੇ ਸਮੇਂ ਤੋਂ ਇਮੀਗ੍ਰਾਂਟਾਂ ਦਾ ਚਹੇਤਾ ਸ਼ਹਿਰ ਬਣਿਆ ਹੋਇਆ ਹੈ। ਟੋਰਾਂਟੋ ‘ਚ ਰਾਇਰਸਨ ਯੂਨੀਵਰਸਿਟੀ ਦੀ ਇਕ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਅਮਰੀਕਾ ਅਤੇ ਕੈਨੇਡਾ ‘ਚ ਟੋਰਾਂਟੋ ਅਤੇ ਨਾਲ ਲੱਗਦੇ ਸ਼ਹਿਰਾਂ (ਗਰੇਟਰ ਟੋਰਾਂਟੋ ਏਰੀਆ) ‘ਚ ਬੀਤੇ ਇਕ ਸਾਲ ਦੌਰਾਨ ਸਭ ਤੋਂ ਵੱਧ ਤਰੱਕੀ ਹੋਈ ਅਤੇ ਉਸ ਦਾ ਕਾਰਨ ਬਾਰਹਲੇ ਮੁਲਕਾਂ ਤੋਂ ਲੋਕਾਂ ਦਾ ਲਗਾਤਾਰ ਇੱਥੇ ਆਉਣਾ ਸੀ। ਟੋਰਾਂਟੋ ਸਿਟੀ ਦੀ ਅਬਾਦੀ ਪਿਛਲੇ 12 ਮਹੀਨਿਆਂ ਦੌਰਾਨ ਸਵਾ ਕੁ ਲੱਖ ਦੇ ਕਰੀਬ ਵਧੀ, ਜਿਸ ਦਾ ਵੱਡਾ ਹਿੱਸਾ ਨਵੇਂ ਇਮੀਗ੍ਰਾਂਟ ਹਨ। ਹਰੇਕ ਸਾਲ ਇਕ ਲੱਖ ਦੇ ਕਰੀਬ ਨਵੇਂ ਵਿਦੇਸ਼ੀ ਲੋਕ ਇਸ ਸ਼ਹਿਰ ‘ਚ ਆ ਕੇ ਵਸ ਰਹੇ ਹਨ, ਜਿਸ ਨਾਲ ਟੋਰਾਂਟੋ ਹੁਣ ਤੱਕ ਕੈਨੇਡਾ ਦਾ ਸਭ ਤੋਂ ਵੱਡਾ ਬਹੁ-ਸੱਭਿਆਚਾਰਕ ਸ਼ਹਿਰ ਬਣ ਚੁੱਕਾ ਹੈ। 6 ਵੱਡੀਆਂ ਯੂਨੀਵਰਸਿਟੀਆਂ ਅਤੇ ਚਾਰ ਕਾਲਜ ਟੋਰਾਂਟੋ ‘ਚ ਹੋਣ ਕਰਕੇ ਵਿਦੇਸ਼ੀ ਵਿਦਿਆਰਥੀ ਵੀ ਉਸ ਸ਼ਹਿਰ ਵੱਲ ਪੁੱਜਣੇ ਜਾਰੀ ਰਹਿੰਦੇ ਹਨ। ਕੋਰੋਨਾਵਾਇਰਸ ਕਾਰਨ ਭਾਵੇਂ ਵਿਦੇਸ਼ੀ ਲੋਕਾਂ ਦੀ ਆਮਦ ਰੁਕੀ ਹੈ ਪਰ ਬੁੱਧੀਜੀਵੀ ਮਾਹਿਰਾਂ ਦਾ ਮੰਨਣਾ ਹੈ ਕਿ ਹਾਲਾਤ ਠੀਕ ਹੋਣ ਤੋਂ ਬਾਅਦ ਟੋਰਾਂਟੋ ‘ਚ ਇਮੀਗ੍ਰਾਂਟਾਂ ਦੀ ਆਮਦ ਜਾਰੀ ਰਹੇਗੀ।


Share