ਦਸੰਬਰ ਤਕ ਜਾਰੀ ਰਹਿ ਸਕਦੈ ਕਿਸਾਨ ਅੰਦੋਲਨ : ਰਾਕੇਸ਼ ਟਿਕੈਤ

400
Share

ਅਲਾਹਾਬਾਦ/ਰੇਵਾ, 14 ਮਾਰਚ (ਪੰਜਾਬ ਮੇਲ)-  ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਤਰਜਮਾਨ ਰਾਕੇਸ਼ ਟਿਕੈਤ ਨੇ ਇੱਥੇ ਕਿਹਾ ਕਿ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਅੰਦੋਲਨ ਦਸੰਬਰ ਮਹੀਨੇ ਤਕ ਜਾਰੀ ਰਹਿ ਸਕਦਾ ਹੈ। ਚੋਣਾਂ ਵਾਲੇ ਸੂਬੇ ਪੱਛਮੀ ਬੰਗਾਲ ਦਾ ਦੌਰਾ ਕਰਕੇ ਆਏ ਸ੍ਰੀ ਟਿਕੈਤ ਨੇ ਕਿਹਾ, ‘ਇਹ ਅੰਦੋਲਨ ਇਸ ਸਾਲ ਨਵੰਬਰ-ਦਸੰਬਰ ਮਹੀਨੇ ਤਕ ਚੱਲ ਸਕਦਾ ਹੈ।’ ਉਨ੍ਹਾਂ ਕਿਹਾ, ‘ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੱਛਮੀ ਬੰਗਾਲ ਹੁਣ ਦੇਸ਼ ਦੇ ਹੋਰ ਭਾਗਾਂ ਦਾ ਦੌਰਾ ਕਰਨ ਦੀ ਯੋਜਨਾ ਉਲੀਕੀ ਜਾ ਰਹੀ ਹੈ, ਜਿਸ ਵਿੱਚ 14 ਤੇ 15 ਮਾਰਚ ਨੂੰ ਮੱਧ ਪ੍ਰਦੇਸ਼, 17 ਨੂੰ ਗੰਗਾਨਗਰ (ਰਾਜਸਥਾਨ), 18 ਨੂੰ ਦਿੱਲੀ ’ਚ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਗੇਟ, 19 ਨੂੰ ਉੜੀਸਾ ਜਦਕਿ 21 ਤੇ 22 ਮਾਰਚ ਨੂੰ ਕਰਨਾਟਕ ਦਾ ਦੌਰਾ ਸ਼ਾਮਲ ਹੈ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਰੇਵਾ ’ਚ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਬਿਜ਼ਨੈੱਸਮੈਨਾਂ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਕਿ ਜ਼ਮੀਨਾਂ ਖੋਹ ਕੇ ਭੁੱਖਮਰੀ ਤੋਂ ਕਮਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਭੁੱਖਮਰੀ ਤੋਂ ਕਮਾਈ ਕਰਨ ਵਾਲਾ ਇੱਕ ਨਵਾਂ ਕਾਰੋਬਾਰ ਸ਼ੁਰੂ ਹੋ ਚੁੱਕਾ ਹੈ। ਲੋਕਾਂ ਨੂੰ ਦਿਨ ’ਚ ਦੋ ਵਾਰ ਅਤੇ ਸਾਲ ’ਚ 700 ਵਾਰ ਭੁੱਖ ਲੱਗਦੀ ਹੈ। ਜਦੋਂ ਅਨਾਜ ਉਨ੍ਹਾਂ ਦੇ ਕੰਟਰੋਲ ਹੇਠ ਆ ਜਾਵੇਗਾ, ਉਹ ‘ਭੁੱਖਮਰੀ’ ਦਾ ਕਾਰੋਬਾਰ ਸ਼ੁਰੂ ਕਰ ਦੇਣਗੇ।’ ਉਨ੍ਹਾਂ ਦਾਆਵਾ ਕੀਤਾ, ‘ਇਸ ਦਾ ਮਤਲਬ ਹੈ ਕੇਂਦਰ ਸਰਕਾਰ ਇੱਕ ਪਾਰਟੀ ਵੱਲੋਂ ਨਹੀਂ, ਬਲਕਿ ਕਾਰੋਬਾਰੀਆਂ ਵੱਲੋਂ ਚਲਾਈ ਜਾ ਰਹੀ ਹੈ। ਸਿਰਫ਼ ਕਿਸਾਨ ਹੀ ਮੁਸ਼ਕਲ ’ਚ ਨਹੀਂ ਹਨ, ਰੇਲਵੇ ਨੂੰ ਵੇਚ ਦਿੱਤਾ ਗਿਆ ਹੈ। ਵਿਰੋਧੀ ਧਿਰ ਕਮਜ਼ੋਰ ਹੈ ਅਤੇ ਨੌਜਵਾਨ, ਜਿਨ੍ਹਾਂ ਨੂੰ ਅਸਲ ’ਚ ਵਿਰੋਧ ਕਰਨਾ ਚਾਹੀਦਾ ਹੈ, ਸੁੱਤੇ ਹੋਏ ਹਨ।’ ਉਨ੍ਹਾਂ ਨੇ ਲੋਕਾਂ ਨੂੰ ਕਿਸਾਨ ਅੰਦੋਲਨ ਦੇ ਹੱਕ ’ਚ ਜ਼ਿਲ੍ਹਾ ਪੱਧਰੀ ਮੁਜ਼ਾਹਰੇ ਕਰਨ ਦਾ ਸੱਦਾ ਵੀ ਦਿੱਤਾ। ਟਿਕੈਤ ਸੋਮਵਾਰ ਨੂੰ ਜਬਲਪੁਰ ’ਚ ਵੀ ਰੈਲੀ ਕਰਨਗੇ।


Share