ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਕਾਰਨ ਸਮੁੱਚੇ ਸਿੱਖ ਸੰਗਤਾਂ ’ਚ ਪਾਇਆ ਜਾ ਰਿਹੈ ਭਾਰੀ ਰੋਸ

315
Share

ਬਟਾਲਾ, 17 ਸਤੰਬਰ (ਪੰਜਾਬ ਮੇਲ)- ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨਾਲ ਸਮੁੱਚੇ ਸਿੱਖ ਜਗਤ ਅਤੇ ਨਾਨਕ ਨਾਮਲੇਵਾ ਸੰਗਤਾਂ ਵਿਚ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਆਏ ਦਿਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਅਤੇ ਇਨ੍ਹਾਂ ਉੱਪਰ ਕੋਈ ਸਖ਼ਤ ਕਾਰਵਾਈ ਨਾ ਹੋਣ ਕਰਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ। ਇਸ ਸਬੰਧੀ ਸਰਕਾਰ ਤੋਂ ਮੰਗ ਕਰਦਿਆਂ ਨਜ਼ਦੀਕੀ ਗੁਰਦੁਆਰਾ ਤਪ ਅਸਥਾਨ ਮਲਕਪੁਰ ਦੇ ਮੁੱਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਅਤੇ ਬਾਬਾ ਸਰਵਨ ਸਿੰਘ ਨੇ ਕਿਹਾ ਕਿ ਕੁਝ ਸਿੱਖ ਵਿਰੋਧੀ ਜਥੇਬੰਦੀਆਂ ਅਤੇ ਵਿਅਕਤੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਸਬੰਧੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਕੋਈ ਵੱਖਰਾ ਕਾਨੂੰਨ ਬਣਾ ਕੇ ਫੜੇ ਗਏ ਦੋਸ਼ੀਆਂ ਅਤੇ ਵਾਪਰੀਆਂ ਘਟਨਾਵਾਂ ਦੀ ਤਹਿ ਤਕ ਜਾ ਕੇ ਪੜਤਾਲ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।¿;
ਉਨ੍ਹਾਂ ਕਿਹਾ ਕਿ ਅੱਜ ਸਮੁੱਚੀ ਸਿੱਖ ਕੌਮ ਲਈ ਵੱਡੀ ਚਿੰਤਾ ਬਣੀ ਹੋਈ ਹੈ ਕਿ ਸਾਡੇ ਗੁਰੂ ਅਤੇ ਗੁਰਧਾਮਾਂ ਨਾਲ ਸ਼ਰੇਆਮ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਲੱਗੀਆਂ ਹਨ। ਇਸ ਕਰਕੇ ਅੱਜ ਦੁਨੀਆਂ ਵਿਚ ਵਸਦਾ ਹਰੇਕ ਸਿੱਖ ਚਿੰਤਤ ਹੈ। ਉਨ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ ਵਿਚ ਫੜੇ ਗਏ ਵਿਅਕਤੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਮਨਜੀਤ ਸਿੰਘ ਸਰਪੰਚ ਮਲਕਪੁਰ, ਗੁਰਚਰਨ ਸਿੰਘ ਟਿੱਬੀ ਸਾਬਕਾ ਚੇਅਰਮੈਨ, ਸਤਨਾਮ ਸਿੰਘ ਸਾਬਕਾ ਸਰਪੰਚ, ਡਾ. ਬਲਕਾਰ ਸਿੰਘ, ਮੱਸਾ ਸਿੰਘ ਲੰਬੜਦਾਰ, ਭਾਈ ਅਮਰਜੀਤ ਸਿੰਘ ਕਨੇਡਾ, ਬਲਵਿੰਦਰ ਸਿੰਘ ਭੁੱਲਰ ਡੁਬਈ ਆਦਿ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ।

Share