ਤੁਰ ਗਿਆ ਬਾਪੂ ਦੇਵ ਥਰੀਕੇ ਵਾਲਾ ਉਰਫ ਹਰਦੇਵ ਦਿਲਗੀਰ

149
Share

ਚੰਡੀਗੜ੍ਹ, 26 ਜਨਵਰੀ (ਪ੍ਰੀਤਮ ਲੁਧਿਆਣਵੀ/ਪੰਜਾਬ ਮੇਲ)- ਬਾਪੂ ਦੇਵ ਥਰੀਕੇ ਵਾਲਾ ਉਰਫ ਹਰਦੇਵ ਦਿਲਗੀਰ ਦੇ ਅਚਾਨਕ ਉਡਾਰੀ ਮਾਰ ਜਾਣ ਨਾਲ ਜਿੱਥੇ ਸਾਹਿਤਕ ਸੰਸਥਾਵਾਂ, ਕਲੱਬਾਂ ਅਤੇ ਸੱਥਾਂ ਵਿਚ ਸੁੰਨ-ਮਸਾਨ ਛਾ ਗਈ ਹੈ, ਉਥੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਰਜਿ: ਦੇ ਪ੍ਰਧਾਨ ਗੀਤਕਾਰ ਲਾਲ ਸਿੰਘ ਲਾਲੀ ਜੀ ਦੀ ਪ੍ਰਧਾਨਗੀ ਹੇਠ ਹੋਈ ਆਨਲਾਈਨ ਇਕੱਤਰਤਾ ਵਿਚ ਵੀ ਤਿੰਨ ਦਰਜਨ ਦੇ ਕਰੀਬ ਗੀਤ-ਸੰਗੀਤ ਪ੍ਰੇਮੀਆਂ ਵੱਲੋਂ ਸੇਜਲ ਅੱਖਾਂ ਨਾਲ ਮਿ੍ਰਤਕ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਹਨ। ਕਿਸਦਾ ਨਾਂ ਲਿਖੀਏ, ਕਿਸਦਾ ਛੱਡੀਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਰ ਸ਼ਖਸ ਦੀ ਅੱਖ ਧਾਹੀਂ ਰੋਈ ਹੈ, ਬਾਪੂ ਜੀ ਦੇ ਤੁਰ ਜਾਣ ’ਤੇ।¿;
ਧਾਂਹੀਂ ਕੁਰਲਾਈਆਂ ਕਲਮਾਂ ’ਚੋਂ ਸਿਰਮੌਰ ਸਾਹਿਤਕਾਰ ਸੁਰਜੀਤ ਸੁਮਨ ਜੀ ਲਿਖਦੇ ਹਨ, ‘ਬੱਚਿਆਂ ਦੀ ਮਾਂ ਮਰੇ ਨਾ ਕੋਈ’ ਵਰਗੀ ਅਰਜ਼ੋਈ ਕਰਨ ਵਾਲ਼ਾ ਵੀ ਤੁਰ ਗਿਆ ਬਾਪੂ ਦੇਵ ਥਰੀਕੇ ਵਾਲਾ ਉਰਫ ਹਰਦੇਵ ਦਿਲਗੀਰ। ਯਾਦੀ ਕੰਧੋਲ਼ਾ ਦੇ ਫੋਨ ਦੀ ਘੰਟੀ ਵੱਜੀ। ਉਧਰੋਂ ਆਵਾਜ਼ ਆਈ, ‘ਸੁਮਨ ਜੀ, ਬਾਪੂ ਦੇਵ ਹੋਰੀਂ ਵਿਛੋੜਾ ਦੇ ਗਏ।’ ਮੈਂ ਸੁੰਨ ਜਿਹਾ ਹੋ ਗਿਆ। ਮੈਨੂੰ ਜੱਸੀ ਧਨੌਲਾ ਨੇ ਦੱਸਿਆ ਹਾਲੇ ਕੁਝ ਦਿਨ ਹੋਏ ਯਾਦੀ ਕੰਧੋਲਾ ਦੀ ਕਾਵਿ-ਪੁਸਤਕ ‘ਲੱਭਦਾ ਨਾ ਸਿਰਨਾਵਾਂ’ ਅਸੀਂ ਸਾਰਿਆਂ ਰਲ਼ ਕੇ ਉਨ੍ਹਾਂ ਨੂੰ ਭੇਂਟ ਕੀਤੀ ਸੀ। ਯਾਦੀ ਨੇ ਬਾਪੂ ਦੇਵ ਨੂੰ ਮੇਰੇ ਕਹਿਣ ’ਤੇ ਇੱਕ ਗਾਜਰੀ ਕਲਰ ਦੀ ਪੱਗ ਵੀ ਭੇਂਟ ਕੀਤੀ ਸੀ। ਬਾਪੂ ਦੇਵ ਇਹ ਪੱਗ ਦੇਖ ਖਿੜ ਗਿਆ ਸੀ, ‘ਯਾਰ ਕਿੰਨਾ ਸੋਹਣਾ ਰੰਗ ਆ ਓਏ।’¿;
ਸੁਮਨ ਜੀ ਅੱਗੇ ਕਹਿ ਰਹੇ ਹਨ, ‘‘ਅੱਜ ਥਰੀਕਾ ਉਦਾਸ ਹੈ, ਅੱਜ ਪੰਜਾਬ ਉਦਾਸ ਹੈ, ਅੱਜ ਵਿਸ਼ਵ ਦੇ ਪੰਜਾਬੀ ਉਦਾਸ ਹਨ। ਇਕੱਲਾ ਰਹਿ ਗਿਆ ਪੁੱਤ ਜਗਵੰਤ, ਜਿਸ ਦੇ ਅੱਥਰੂ ਜੰਮ ਗਏ ਹੋਣਗੇ। ਅੱਜ ਵਰਾਂਡੇ ਵਿਚ ਖੜ੍ਹੀ ਉਹ ਮਾਰੂਤੀ ਕਾਰ ਨੰ: 100944 ਵੀ ਉਦਾਸ ਹੋਵੇਗੀ ਜੋ ਤਤਕਾਲੀਨ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਨੇ ਬਾਪੂ ਦੇਵ ਨੂੰ ਭੇਂਟ ਕੀਤੀ ਸੀ। ਅੱਜ ਹਰ ਉਹ ਪੁੱਤਰ-ਧੀਅ ਉਦਾਸ ਹੈ, ਜਿਹਦੇ ਲਈ ਉਸ ਗੀਤ ਲਿਖਿਆ। ਉਹ ਵੀ ਉਦਾਸ ਹੋਣਗੇ, ਜਿਨ੍ਹਾਂ ਉਹ ਗੀਤ ਸੁਣਿਆ ਤੇ ਜਿਨ੍ਹਾਂ ਨਹੀਂ ਸੁਣਿਆ, ‘ਰੱਬਾ ਦੇਵ ਕਰੇ ਅਰਜ਼ੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ, ਖੋਹ ਲੈਂਦੇ ਟੁੱਕ ਕਾਂ ਓ ਦੁਨੀਆਂ ਵਾਲਿਓ।’ ਬਾਪੂ ਦੇਵ ਦੀ ਤੀਮਾਰਦਾਰੀ ਕਰ ਰਹੀ ਫੂਲਵਤੀ ਅੱਜ ਖਾਲੀ-ਖਾਲੀ ਅੱਖਾਂ ਨਾਲ਼ ਤੱਕਦੀ ਹੋਊ। ਓਹਦੀ ਅੱਖ ਦਾ ਅੱਥਰੂ ਵੀ ਡੁੱਲ੍ਹਿਆ ਹੋਊ, ਉਸ ਵਿਹੜੇ ਵਿਚ, ਜਿੱਥੇ ਗੁਲਾਬ ਦਾ ਬੂਟਾ ਬਿੱਟ-ਬਿੱਟ ਤੱਕਦਾ ਹੋਊ। ਗੇਟ ’ਤੇ ਲੱਗੀ ਵੋਗਨਵਿਲਾ ਦੀ ਵੇਲ ਕੁਸ਼ ਤਾਂ ਸੋਚਦੀ ਹੋਏਗੀ। ਗੇਟ ਦੇ ਸੱਜੇ ਹੱਥ ਕਰਿਆਨੇ ਦੀ ਦੁਕਾਨ ਚਲਾਉਂਦੀ ਸਹਾਰਨਪੁਰ ਦੀ ਅਲੀਮਾ ਨੇ ਵੀ ਸ਼ਾਲ ਦੇ ਲੜ ਕਿੰਨੀ ਵਾਰ ਅੱਖਾਂ ਪੂੰਝੀਆਂ ਹੋਣਗੀਆਂ। ਪਿਲਕਣ ਹੇਠ ਥੜੇ੍ਹ ’ਤੇ ਬੈਠੇ ਤਾਸ਼ ਖੇਡ ਰਹੇ ਪਿੰਡ ਥਰੀਕੇ ਦੇ ਲੋਕਾਂ ਦੇ ਹੱਥਾਂ ਵਿਚੋਂ ਤਾਸ਼ ਦੇ ਪੱਤੇ ਛੁੱਟੇ ਤਾਂ ਜ਼ਰੂਰ ਹੋਣਗੇ। ਕਿਉਂਕਿ ਗੀਤਕਾਰਾਂ ਦੀ ਦੁਨੀਆਂ ਦਾ ਬਾਦਸ਼ਾਹ ਜੁ ਤੁਰ ਗਿਆ ਹੈ, ਜੋ ਇਸ ਪਲ ਦੇ ਗਵਾਹ ਹਨ ਕਿ ਬਾਪੂ ਦੇਵ ਦੇ ਕਿੰਨੇ ਸ਼ਰਧਾਲੂ, ਉਨ੍ਹਾਂ ਨੂੰ ਹੁਣ ਵੀ ਨਿੱਤ ਮਿਲਣ ਆਉਂਦੇ ਸਨ। ਮੈਂ ਗੀਤ ਸੁਣ ਰਿਹਾ ਹਾਂ, ਆਸਾ ਸਿੰਘ ਮਸਤਾਨਾ ਜੀ ਗਾ ਰਹੇ ਹਨ, ‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁਮ-ਹੁਮਾ ਕੇ ਚੱਲਣਗੇ। ਚੱਲਣਗੇ ਮੇਰੇ ਨਾਲ਼ ਦੁਸ਼ਮਣ ਵੀ ਮੇਰੇ ਇਹ ਵੱਖਰੀ ਏ ਗੱਲ ਮੁਸਕਰਾ ਕੇ ਚੱਲਣਗੇ।’’
ਇੱਥੇ ਹੀ ਬਸ ਨਹੀਂ, ਸਟੇਟ ਐਵਾਰਡੀ ਕਹਾਣੀਕਾਰ ਗੁਰਮੀਤ ਸਿੰਗਲ ਜੀ ਨੇ ਆਪਣੀਆਂ ਸਾਂਝਾਂ ਬਿਆਨ ਕਰਦਾ ਪੰਜ ਸਫ਼ਿਆਂ ਦਾ ਮੈਟਰ ਭੇਜਿਆ ਹੈ।

Share