ਤੁਰਕੀ ਦੇ ਐੱਫ-16 ਜਹਾਜ਼ ਨੇ ਅਰਮੇਨੀਆ ਦੇ ਲੜਾਕੂ ਜਹਾਜ਼ ਨੂੰ ਹਮਲੇ ‘ਚ ਕੀਤਾ ਢੇਰ!

596
Share

-ਹਮਲੇ ‘ਚ ਪਾਇਲਟ ਦੀ ਹੋਈ ਮੌਤ
ਯੇਰੇਵਨ, 29 ਸਤੰਬਰ (ਪੰਜਾਬ ਮੇਲ)- ਤੁਰਕੀ ਦੇ ਐੱਫ-16 ਜਹਾਜ਼ ਨੇ ਅਰਮੇਨੀਆ ਦੇ ਐੱਸ.ਯੂ-25 ‘ਤੇ ਹਮਲਾ ਕਰ ਢੇਰ ਕਰ ਦਿੱਤਾ ਹੈ। ਅਰਮੇਨੀਆ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਤੁਰਕੀ ਦੇ ਜੰਗੀ ਜਹਾਜ਼ ਵੱਲੋਂ ਸਾਡੇ ਐੱਸ.ਯੂ.-25 (ਸੁਖੋਈ-30) ਲੜਾਕੂ ਜਹਾਜ਼ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਜਹਾਜ਼ ਵਿਚ ਸਵਾਰ ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਇਹ ਹਮਲਾ ਅਜਿਹੇ ਵੇਲੇ ਹੋਇਆ ਹੈ। ਜਦ ਅਰਮੇਨੀਆ ਅਤੇ ਅਜ਼ਰਬੈਜਾਨ ਵਿਚਾਲੇ ਇਕ ਵਿਵਾਦਤ ਖੇਤਰ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਜੰਗ ਛਿੜੀ ਹੋਈ ਹੈ।
ਗਲੋਬਲ ਨਿਊਜ਼ ਸੀ.ਏ. ਦੀ ਰਿਪੋਰਟ ਮੁਤਾਬਕ, ਅਜ਼ਬੈਜਾਨ ਦੇ ਰੱਖਿਆ ਮੰਤਰਾਲੇ ਨੇ ਅਰਮੇਨੀਆ ਵੱਲੋਂ ਲਾਏ ਗਏ ਦੋਸ਼ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ ਗਿਆ ਹੈ। ਮੰਤਰਾਲੇ ਵੱਲੋਂ ਆਖਿਆ ਗਿਆ ਕਿ ਸਾਡੇ ਜੰਗੀ ਜਹਾਜ਼ ਨੇ ਅਰਮੇਨੀਆ ਦੇ ਕਿਸੇ ਵੀ ਜਹਾਜ਼ ‘ਤੇ ਹਮਲਾ ਨਹੀਂ ਕੀਤਾ। ਉਥੇ ਹੀ ਤੁਰਕੀ ਵੱਲੋਂ ਵੀ ਇਸ ਨੂੰ ਗਲਤ ਕਰਾਰ ਕਰ ਦਿੱਤਾ ਗਿਆ ਹੈ। ਉਥੇ ਹੀ ਦੋਹਾਂ ਦੇਸ਼ਾਂ ਵਿਚਾਲੇ ਛਿੜੀ ਜੰਗ ‘ਚ ਰੂਸ ਅਤੇ ਤੁਰਕੀ ਵੀ ਸ਼ਾਮਲ ਹੋ ਗਏ ਹਨ, ਜਿਸ ਵਿਚ ਰੂਸ ਅਰਮੇਨੀਆ ਦਾ ਅਤੇ ਤੁਰਕੀ ਵੱਲੋਂ ਅਜ਼ਬੈਜਾਨ ਦਾ ਸਾਥ ਦਿੱਤਾ ਜਾ ਰਿਹਾ ਹੈ।
ਸੋਵੀਅਤ ਰੂਸ ਤੋਂ ਅਲੱਗ ਹੋਏ ਅਰਮੇਨੀਆ ਅਤੇ ਅਜ਼ਰਬੈਜਾਨ ਵਿਚਾਲੇ ਜ਼ਮੀਨ ਦੇ ਇਕ ਹਿੱਸੇ ਨੂੰ ਲੈ ਕੇ ਜੰਗ ਛਿੱੜ ਗਈ ਹੈ। ਦੋਹਾਂ ਦੇਸ਼ਾਂ ਨੇ ਇਕ ਦੂਜੇ ਖਿਲਾਫ ਜੰਗ ਦਾ ਐਲਾਨ ਕਰਦੇ ਹੋਏ ਟੈਂਕ, ਤੋਪ ਅਤੇ ਲੜਾਕੂ ਹੈਲੀਕਾਪਟਰਾਂ ਨੂੰ ਮੈਦਾਨ ਵਿਚ ਉਤਾਰ ਦਿੱਤੇ ਹਨ। ਇਸ ਵਿਚਾਲੇ ਅਰਮੇਨੀਆ ਨੇ ਦੇਸ਼ ਵਿਚ ਮਾਰਸ਼ਲ ਲਾਅ ਲਾਗੂ ਕਰਦੇ ਹੋਏ ਆਪਣੀਆਂ ਫੌਜਾਂ ਨੂੰ ਬਾਰਡਰ ਵੱਲੋਂ ਕੂਚ ਕਰਨ ਦਾ ਆਦੇਸ਼ ਦਿੱਤਾ ਹੈ। ਜਾਣਕਾਰੀ ਮੁਤਾਬਕ, ਹਮਲਿਆਂ ਵਿਚ 80 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।
ਦੋਵੇਂ ਦੇਸ਼ 4400 ਵਰਗ ਕਿਲੋਮੀਟਰ ਵਿਚ ਫੈਲੇ ਨਾਗੋਰਨੋ-ਕਾਰਾਬਾਖ ਨਾਂ ਦੇ ਹਿੱਸੇ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਨਾਗੋਰਨੋ-ਕਾਰਾਬਾਖ ਇਲਾਕਾ ਅੰਤਰਰਾਸ਼ਟਰੀ ਰੂਪ ਤੋਂ ਅਜ਼ਰਬੈਜਾਨ ਦਾ ਹਿੱਸਾ ਹੈ ਪਰ ਉਸ ‘ਤੇ ਅਰਮੇਨੀਆ ਦੇ ਜਾਤੀ ਗੁੱਟਾ ਦਾ ਕਬਜ਼ਾ ਹੈ। 1991 ‘ਚ ਇਸ ਇਲਾਕੇ ਦੇ ਲੋਕਾਂ ਨੇ ਖੁਦ ਨੂੰ ਅਜ਼ਰਬੈਜਾਨ ਤੋਂ ਸੁਤੰਤਰ ਐਲਾਨ ਕਰਦੇ ਹੋਏ ਅਰਮੇਨੀਆ ਦਾ ਹਿੱਸਾ ਐਲਾਨ ਕਰ ਦਿੱਤਾ। ਉਨਾਂ ਦੀ ਇਸ ਹਰਕਤ ਨੂੰ ਅਜ਼ਰਬੈਜਾਨ ਨੇ ਸਿਰੇ ਤੋਂ ਖਾਰਿਜ਼ ਕਰ ਦਿੱਤਾ ਅਤੇ ਦੋਹਾਂ ਦੇਸ਼ਾਂ ਵਿਚਾਲੇ ਜੰਗ ਛਿੜ ਗਈ।


Share