ਤਿੰਨ ਮਹੀਨੇ ਬਾਅਦ ਵਤਨ ਪੁੱਜਾ ਹਰਦੀਪ ਦਾ ਮ੍ਰਿਤਕ ਸਰੀਰ

673
ਹਵਾਈ ਅੱਡੇ ਤੇ ਹਰਦੀਪ ਸਿੰਘ ਦਾ ਮ੍ਰਿਤਕ ਸਰੀਰ ਪਰਿਵਾਰ ਨੂੰ ਸੌਂਪਣ ਮੌਕੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ।
Share

ਡਾ.ਓਬਰਾਏ ਨੇ ਪੂੰਝੇ ਪੀੜਤ ਪਰਿਵਾਰ ਦੇ ਅੱਥਰੂ 
ਪਰਿਵਾਰ ਸਿਰ ਚੜ੍ਹਿਆ ਕਰਜ਼ਾ ਲਾਹੁਣ ਤੋਂ ਇਲਾਵਾ 3 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਵੀ ਦੇ ਰਹੇ ਹਾਂ : ਡਾ.ਓਬਰਾਏ
ਅਸੀਂ ਤਾਂ ਭੋਗ ਵੀ ਪਾ ਚੁੱਕੇ ਸਾਂ ਪਰ ਡਾ.ਓਬਰਾਏ ਦੀ ਬਦੌਲਤ ਨਸੀਬ ਹੋਏ ਪੁੱਤ ਦੇ ਅੰਤਿਮ ਦਰਸ਼ਨ : ਪੀੜਤ ਪਰਿਵਾਰ 
ਅੰਮ੍ਰਿਤਸਰ, 21 ਜੁਲਾਈ (ਪੰਜਾਬ ਮੇਲ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਦਿਲ ‘ਚ ਸਜਾ ਕੇ ਦੁਬਈ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ੍ਹ ਦੇ 30 ਸਾਲਾ ਹਰਦੀਪ ਸਿੰਘ,ਜਿਸ ਦੀ ਬੀਤੀ 19 ਅਪ੍ਰੈਲ ਨੂੰ ਦੁਬਈ ‘ਚ ਅਚਾਨਕ ਮੌਤ ਹੋ ਗਈ ਸੀ,ਦਾ ਮ੍ਰਿਤਕ ਸਰੀਰ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ.ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾ ਸਦਕਾ ਬੀਤੀ ਅੱਧੀ ਰਾਤ ਨੂੰ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜਾ।
ਮ੍ਰਿਤਕ ਦੀ ਫਾਈਲ ਫੋਟੋ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ੍ਹ ਦਾ ਨੌਜਵਾਨ ਹਰਦੀਪ ਸਿੰਘ ਪੁੱਤਰ ਸਵ: ਲੁਕਾ ਸਿੰਘ ਬੀਤੀ 25 ਅਗਸਤ ਨੂੰ ਕਰਜ਼ਾ ਚੁੱਕ ਕੇ ਆਪਣੇ ਪਰਿਵਾਰ ਦੀ ਬਿਹਤਰੀ ਲਈ ਦੁਬਈ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਪਰ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਬੀਤੀ 19 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ ਸੀ। ਜਦ ਹਰਦੀਪ ਦੇ ਪਰਿਵਾਰ ਨੂੰ ਆਪਣੇ ‘ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਗਰੀਬੀ ਤੇ ਬੇਵਸੀ ਦਾ ਹਵਾਲਾ ਦਿੰਦਿਆਂ ਹਰਦੀਪ ਦੀ ਮ੍ਰਿਤਕ ਦੇ ਵਾਪਸ ਭਾਰਤ ਲੈ ਕੇ ਆਉਣ ਕਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਹਰਦੀਪ ਦਾ ਮ੍ਰਿਤਕ ਸਰੀਰ ਭੇਜਣ ਲਈ ਤੁਰੰਤ ਯਤਨ ਸ਼ੁਰੂ ਕਰ ਦਿੱਤੇ ਸਨ ਪਰ ਕਰੋਨਾ ਮਹਾਂਮਾਰੀ ਕਾਰਨ ਬੰਦ ਹੋਈਆਂ ਉਡਾਣਾਂ ਮੁੜ ਚਾਲੂ ਹੋਣ ਕਰਕੇ ਬੀਤੀ ਰਾਤ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਹੈ। ਡਾ: ਓਬਰਾਏ ਨੇ ਦੱਸਿਆ ਕਿ ਉਨ੍ਹਾਂ ਟਰੱਸਟ ਦੀ ਅੰਮ੍ਰਿਤਸਰ ਟੀਮ ਨੂੰ ਅਪ੍ਰੈਲ ਮਹੀਨੇ ਅੰਦਰ ਹੀ ਮ੍ਰਿਤਕ ਦੇ ਪਿੰਡ ਭੇਜ ਕੇ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਜਾਨਣ ਉਪਰੰਤ ਪੀੜਤ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਲਾਹੁਣ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਨੂੰ ਉਸ ਦੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਟਰੱਸਟ ਵੱਲੋਂ ਪਹਿਲਾਂ ਤੋਂ ਹੀ 3 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ।

         ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹੁਣ ਤੱਕ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ 182 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਹੁਣ ਤੱਕ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਦਿਨਾਂ ਅੰਦਰ ਹੀ ਟਰੱਸਟ ਵੱਲੋਂ   5 ਨੌਜਵਾਨਾਂ ਦੇ ਮ੍ਰਿਤਕ ਸਰੀਰ ਦੁਬਈ ਤੋਂ ਵਾਪਸ ਲਿਆਂਦੇ ਗਏ ਹਨ ਜਦ ਕਿ ਇਸ ਹਫਤੇ ਵੀ ਟਰੱਸਟ ਵੱਲੋਂ ਪੰਜਾਬ ਦੇ ਗੁਰਦਾਸਪੁਰ,ਸ੍ਰੀ ਮੁਕਤਸਰ ਸਾਹਿਬ,ਫ਼ਰੀਦਕੋਟ,ਮੋਗਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਨਾਲ ਸਬੰਧਤ 5 ਹੋਰ ਨੌਜਵਾਨਾਂ ਦੇ ਮ੍ਰਿਤਕ ਸਰੀਰ ਵਾਪਸ ਲਿਆਂਦੇ ਜਾਣਗੇ।
       ਇਸ ਦੌਰਾਨ ਮ੍ਰਿਤਕ ਦੇ ਭਰਾ ਸਰਬਜੀਤ ਸਿੰਘ,ਚਾਚਾ ਜਗਰੂਪ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਹਰਦੀਪ ਦੀ ਮਿ੍ਤਕ ਦੇਹ ਲੈ ਕੇ ਆਉਣ ਦੇ ਨਾਲ-ਨਾਲ ਪਰਿਵਾਰ ਦਾ ਕਰਜ਼ਾ ਲਾਹੁਣ ਤੇ ਉਸਦੀ ਪਤਨੀ ਦੀ ਮਹੀਨੇਵਾਰ ਪੈਨਸ਼ਨ ਦੇਣ ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ  ਸ਼ੁਕਰਾਨਾ ਕਰਦਿਆਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸਦੀ ਪਤਨੀ ਤੇ ਤਿੰਨ ਛੋਟੇ-ਛੋਟੇ ਬੱਚੇ ਉਸ ਦੀ ਬਜ਼ੁਰਗ ਵਿਧਵਾ ਮਾਂ ਨਾਲ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤਾਂ ਹਰਦੀਪ ਦਾ ਮ੍ਰਿਤਕ ਸਰੀਰ ਵਾਪਸ ਆਉਣ ਦੀ ਆਸ ਲਾਹ ਕੇ ਉਸ ਦਾ ਭੋਗ ਵੀ ਪਾ ਦਿੱਤਾ ਸੀ ਪਰ ਰੱਬ ਦੇ ਫ਼ਰਿਸ਼ਤੇ ਸ. ਓਬਰਾਏ ਦੇ ਵੱਡੇ ਪਰਉਪਕਾਰ ਸਦਕਾ ਹੀ ਉਹ ਹਰਦੀਪ ਦੇ ਅੰਤਿਮ ਦਰਸ਼ਨ ਕਰ ਸਕੇ ਹਨ।
          ਜ਼ਿਕਰਯੋਗ ਹੈ ਕਿ ਹਰਦੀਪ ਦੀ ਮ੍ਰਿਤਕ ਦੇਹ ਭਾਰਤ ਭੇਜਣ ‘ਚ ਡਾ. ਉਬਰਾਏ ਤੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਅਤੇ ਭਾਰਤੀ ਦੂਤਾਵਾਸ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ।

Share