ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੱਕ ਦਿੱਲੀਆਂ ਦੀਆਂ ਸਰਹੱਦਾਂ ’ਤੇ ਬੈਠੇ ਰਹਿਣਗੇ ਕਿਸਾਨ: ਚੜੂਨੀ

718
Share

ਕੁਰੂਕਸ਼ੇਤਰ, 23 ਸਤੰਬਰ (ਪੰਜਾਬ ਮੇਲ)-ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਸ ਸਮੇਂ ਤੱਕ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਰਹਿਣਗੇ। ਉਹ ਕੁਰੂਕਸ਼ੇਤਰ ਦੇ ਇਸਮਾਇਲਾਬਾਦ ਖੇਤਰ ਵਿਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ’ਤੇ ਭਾਵੇਂ ਜਿੰਨਾ ਮਰਜ਼ੀ ਦਬਾਅ ਬਣਾ ਲਵੇ ਪਰ ਕਿਸਾਨ ਦਿੱਲੀ-ਹਰਿਆਣਾ ਸਰਹੱਦ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟਣਗੇ। ਇਸੇ ਦੌਰਾਨ ਕਿਸਾਨ ਆਗੂ ਰਵੀ ਆਜ਼ਾਦ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੱਕ ਦਿੱਲੀ ਦੀਆਂ ਸੜਕਾਂ ਨੂੰ ਖਾਲੀ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੌਮੀ ਸ਼ਾਹਰਾਹ-44 ਨੂੰ ਕੁੰਡਲੀ-ਸਿੰਘੂ ਬਾਰਡਰ ’ਤੇ ਖਾਲੀ ਕਰਵਾਉਣ ਲਈ ਇਸ ਮਹੀਨੇ ਦੇ ਸ਼ੁਰੂ ਵਿਚ ਹਰਿਆਣਾ ਸਰਕਾਰ ਨੇ ਉਚ ਪੱਧਰੀ ਕਮੇਟੀ ਬਣਾਈ ਸੀ ਤਾਂ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਹਫਤੇ ਇਸ ਸਬੰਧ ਵਿਚ ਸੋਨੀਪਤ ਵਿਚ ਬੁਲਾਈ ਗਈ ਮੀਟਿੰਗ ’ਚ ਕਿਸਾਨ ਸ਼ਾਮਲ ਨਹੀਂ ਹੋਏ ਸਨ।

Share