ਤਿਲਕ ਨਗਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਇਆ ਜਾਗਰੂਕਤਾ ਪ੍ਰਦਰਸ਼ਨ

46
Share

ਪੁਲਿਸ ਨੇ ਵਿਖਾਵਾਕਾਰੀਆਂ ਨੂੰ ਹਿਰਾਸਤ ਵਿਚ ਲਿਆ

ਨਵੀਂ ਦਿੱਲੀ, 26 ਸਤੰਬਰ (ਪੰਜਾਬ ਮੇਲ)-ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਵੱਲੋਂ ਅੱਜ “ਸੰਵਿਧਾਨ ਇਹ ਕਹਿੰਦਾ ਹੈ- ਬੰਦੀ ਸਿੰਘ ਰਿਹਾ ਕਰੋਂ” ਲਹਿਰ ਤਹਿਤ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਜਾਗਰੂਕਤਾ ਮੁਹਿੰਮ ਚਲਾਈ ਗਈ। ਤਿਲਕ ਨਗਰ ਗੋਲ ਚੱਕਰ ਉਤੇ ਹੱਥਾਂ ਵਿਚ ਤਖ਼ਤੀਆਂ ਫੜ੍ਹ ਕੇ ਖੜ੍ਹੇ ਸਿੱਖਾਂ ਨੇ “ਸਤਿਨਾਮ-ਵਾਹਿਗੁਰੂ” ਤੇ “ਬੰਦੀ ਸਿੰਘ ਰਿਹਾ ਕਰੋਂ” ਦੇ ਸ਼ਾਂਤਮਈ ਨਾਅਰੇ ਲਾਏ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਬੰਦੀ ਸਿੰਘਾਂ ਦੇ ਸਮਾਜਿਕ ਤੇ ਕਾਨੂੰਨੀ ਪੱਖਾਂ ਬਾਰੇ ਜਾਣਕਾਰੀ ਦਿੰਦੇ ਇਸ਼ਤਿਹਾਰਾਂ ਦੀ ਵੰਡ ਕੀਤੀ। ਪਰ ਦਿੱਲੀ ਪੁਲਿਸ ਵੱਲੋਂ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਹੋਣ ਦਾ ਹਵਾਲਾ ਦੇਕੇ ਵਿਖਾਵਾਕਾਰੀਆਂ ਨੂੰ ਹਿਰਾਸਤ ਵਿਚ ਲੈਣ ਦਾ ਐਲਾਨ ਕਰਕੇ ਤਿਲਕ ਨਗਰ ਥਾਣੇ ਵਿੱਚ ਲੈ ਆਇਆ ਗਿਆ। ਜਿਥੇ ਰਿਹਾਈ ਮੋਰਚੇ ਦੇ ਪ੍ਰਬੰਧਕਾਂ ਦੇ ਨਾਂਮ ਤੇ ਪਤਾ ਲਿਖਣ ਤੋਂ ਬਾਅਦ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਿਹਾਈ ਮੋਰਚੇ ਦੇ ਪ੍ਰਧਾਨ ਚਮਨ ਸਿੰਘ ਨੇ ਦੱਸਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਰਜਸ਼ੀਲ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਜਥੇਬੰਦਕ ਢਾਂਚੇ ਦਾ ਸਿੰਘ ਸਾਹਿਬ ਜੀ ਵੱਲੋਂ ਗਠਨ ਕੀਤਾ ਗਿਆ ਹੈ। ਜਿਸ ਵਿਚ ਅਵਤਾਰ ਸਿੰਘ ਕਾਲਕਾ ਨੂੰ ਕਨਵੀਨਰ, ਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਗੁਰਦੀਪ ਸਿੰਘ ਮਿੰਟੂ ਨੂੰ ਜਨਰਲ ਸਕੱਤਰ, ਡਾਕਟਰ ਪਰਮਿੰਦਰ ਪਾਲ ਸਿੰਘ ਨੂੰ ਬੁਲਾਰਾ, ਜਗਦੀਪ ਸਿੰਘ ਨੂੰ ਜੁਆਇੰਟ ਸਕੱਤਰ ਅਤੇ ਮਨਜੀਤ ਸਿੰਘ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈਂ। ਭਾਈ ਜਗਤਾਰ ਸਿੰਘ ਹਵਾਰਾ ਦੇ ਮੁਲਾਕਾਤੀ ਇਕਬਾਲ ਸਿੰਘ ਇਨ੍ਹਾਂ ਅਹੁਦਿਆਂ ਸੰਬੰਧੀ ਭਾਈ ਹਵਾਰਾ ਪਾਸੋਂ ਸ਼ੁਕਰਵਾਰ ਨੂੰ ਤਿਹਾੜ ਜੇਲ੍ਹ ਵਿਖੇ ਹੋਈ ਮੁਲਾਕਾਤ ਦੌਰਾਨ ਪ੍ਰਵਾਨਗੀ ਲੈਕੇ ਆਏ ਹਨ।
ਰਿਹਾਈ ਮੋਰਚੇ ਦੇ ਕਨਵੀਨਰ ਅਵਤਾਰ ਸਿੰਘ ਕਾਲਕਾ ਨੇ ਕਿਹਾ ਕਿ ਅਸੀਂ ਸੰਵਿਧਾਨ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ, ਕਿਸੇ ਨੂੰ ਵੀ ਇਸ ਤੋਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਰਿਹਾਈ ਮੋਰਚੇ ਦੇ ਬੁਲਾਰੇ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਹਿਰ ਨਾਲ ਆਮ ਲੋਕਾਂ ਨੂੰ ਜੋੜਨ ਲਈ ਅਜਿਹੇ ਜਾਗਰੂਕਤਾ ਪ੍ਰਦਰਸ਼ਨਾਂ ਦੀ ਲੜੀ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਅਸੀਂ ਬਾਕੀ ਹਮਖਿਆਲ ਜਥੇਬੰਦੀਆਂ ਨੂੰ ਨਾਲ ਜੋੜਨ ਲਈ ਕਾਰਜਸ਼ੀਲ ਹਾਂ। ਤਾਂਕਿ ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਲੜਾਈ ਨੂੰ ਇੱਕ ਸਾਥ ਲੜਿਆ ਜਾ ਸਕੇ। ਰਿਹਾਈ ਮੋਰਚੇ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਅਸੀਂ ਹੁਣ ਅੰਤਿਮ ਅਰਦਾਸਾਂ ਮੌਕੇ ਭਾਈ ਹਵਾਰਾ ਵੱਲੋਂ ਭੇਜਿਆ ਸ਼ੋਕ ਸੰਦੇਸ਼ ਪੜ੍ਹਣ ਦੀ ਸ਼ੁਰੂਆਤ ਕੀਤੀ ਹੈ, ਤਾਂਕਿ ਲੋਕਾਂ ਦੀ ਬੰਦੀ ਸਿੰਘਾਂ ਬਾਰੇ ਜਾਣਕਾਰੀ ਲੈਣ ਪ੍ਰਤੀ ਉਤਸੁਕਤਾ ਪੈਦਾ ਹੋਏ।

Share