ਤਾਲਿਬਾਲ ਦੀ ਅਮਰੀਕਾ ਨੂੰ ਧਮਕੀ, ਕਿਹਾ- 31 ਅਗਸਤ ਤਕ ਅਫ਼ਗਾਨਿਸਤਾਨ ਨਾ ਛੱਡਿਆ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

6421

ਲੰਡਨ, 24 ਅਗਸਤ (ਪੰਜਾਬ ਮੇਲ)- ਅਫ਼ਗਾਨਿਸਤਾਨ ’ਤੇ ਜੀ7 ਦੀ ਐਮਰਜੈਂਸੀ ਬੈਠਕ ਤੋਂ ਪਹਿਲਾਂ ਸੋਮਵਾਰ ਨੂੰ ਤਾਲਿਬਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਯੁੱਧ ਪ੍ਰਭਾਵਿਤ ਦੇਸ਼ ਤੋਂ ਅਮਰੀਕੀ ਅਗਵਾਈ ਵਾਲੀਆਂ ਫ਼ੌਜਾਂ ਦੀ ਵਾਪਸੀ ਦੀ ਤਾਰੀਖ਼ 31 ਅਗਸਤ ਤੋਂ ਅੱਗੇ ਵਧਾਉਣ ਦੀ ਗੱਲ ਕਰਦੇ ਹਨ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕਤਰ ਦੀ ਰਾਜਧਾਨੀ ਦੋਹਾ ਵਿਚ ‘ਸਕਾਈ ਨਿਊਜ਼’ ਨਾਲ ਗੱਲਬਾਤ ਵਿਚ ਤਾਲਿਬਾਨ ਦੇ ਬੁਲਾਰੇ ਡਾਕਟਰ ਸੁਹੈਲ ਸ਼ਾਹੀਨ ਨੇ ਕਿਹਾ ਕਿ ਮਹੀਨੇ ਦੇ ਅੰਤ ਵਿਚ ਤੈਅ ਡੈੱਡਲਾਈਨ ਆਖ਼ਰੀ ਤਾਰੀਖ਼ ਹੈ ਅਤੇ ਉਸ ਨੂੰ ਅੱਗੇ ਵਧਾਏ ਜਾਣ ਦਾ ਮਤਲਬ ਹੋਵੇਗਾ ਦੇਸ਼ ਵਿਚ ਉਨ੍ਹਾਂ ਦਾ ਹੋਰ ਦਿਨਾਂ ਤੱਕ ਰੁਕਣਾ। ਉਨ੍ਹਾਂ ਕਿਹਾ ਕਿ ਇਹ ਡੈੱਡਲਾਈਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਤੈਅ ਕੀਤੀ ਹੈ ਅਤੇ ਬ੍ਰਿਟੇਨ ਅਤੇ ਅਮਰੀਕਾ ਇਸ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਹਨ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਸ਼ਾਹੀਨ ਨੇ ਕਿਹਾ, ‘ਇਹ ਲਕਸ਼ਮਣ ਰੇਖਾ ਹੈ। ਰਾਸ਼ਟਰਪਤੀ ਬਾਈਡੇਨ ਨੇ ਆਪਣੇ ਫ਼ੌਜੀ ਬਲਾਂ ਦੀ ਵਾਪਸੀ ਲਈ 31 ਅਗਸਤ ਦੀ ਤਾਰੀਖ਼ ਤੈਅ ਕੀਤੀ ਸੀ। ਅਜਿਹੇ ਵਿਚ ਜੇਕਰ ਉਹ ਇਸ ਤਾਰੀਖ਼ ਨੂੰ ਅੱਗੇ ਵਧਾਉਂਦੇ ਹਨ ਤਾਂ ਇਸ ਦਾ ਅਰਥ ਹੋਵੇਗਾ ਕਿ ਉਹ ਬਿਨਾਂ ਜ਼ਰੂਰਤ ਦੇ ਦੇਸ਼ ਵਿਚ ਰੁਕਣ ਦੀ ਆਪਣੀ ਮਿਆਦ ਵਿਚ ਵਿਸਥਾਰ ਕਰ ਰਹੇ ਹਨ। ’ ਉਨ੍ਹਾਂ ਕਿਹਾ, ‘ਜੇਕਰ ਅਮਰੀਕਾ ਅਤੇ ਬ੍ਰਿਟੇਨ ਨੂੰ ਲੋਕਾਂ ਨੂੰ ਬਾਹਰ ਕੱਢਣ ਲਈ ਹੋਰ ਸਮਾਂ ਚਾਹੀਦਾ ਹੈ ਤਾਂ ਇਸ ਦਾ ਜਵਾਬ ਨਾ ਹੈ। ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਇਸ ਨਾਲ ਸਾਡੇ ਵਿਚਾਲੇ ਅਵਿਸ਼ਵਾਸ ਪੈਦਾ ਹੋਵੇਗਾ। ਜੇਕਰ ਉਹ ਦੇਸ਼ ਵਿਚ ਬਣੇ ਰਹਿਣ ’ਤੇ ਜ਼ੋਰ ਦਿੰਦੇ ਹਨ ਤਾਂ ਇਹ ਪ੍ਰਤੀਕਿਰਿਆ ਲਈ ਉਕਸਾਉਣ ਵਾਂਗ ਹੋਵੇਗਾ।’