ਤਾਲਿਬਾਨ ਦੀ ਹਿਰਾਸਤ ’ਚੋਂ ਰਿਹਾਅ ਹੋਏ ਭਾਰਤੀ ਕਾਬੁਲ ’ਚ ਉਡੀਕ ਰਹੇ ਨੇ ਮਦਦ

487
Share

-ਤਾਲਿਬਾਨ ਨੇ 150 ਦੇ ਕਰੀਬ ਭਾਰਤੀਆਂ ਨੂੰ ਪੁਲਿਸ ਸਟੇਸ਼ਨ ਲਿਜਾ ਕੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ, ਅਫ਼ਗ਼ਾਨ ਸਿੱਖਾਂ ਤੇ ਹਿੰਦੂਆਂ ਨੂੰ ਹਵਾਈ ਅੱਡੇ ਤੋਂ ਮੋੜਿਆ
ਨਵੀਂ ਦਿੱਲੀ, 21 ਅਗਸਤ (ਪੰਜਾਬ ਮੇਲ)- ਭਾਰਤ ਸਰਕਾਰ ਨੇ ਅੱਜ ਕਿਹਾ ਕਿ ਉਹ ਕਾਬੁਲ ਹਵਾਈ ਅੱਡੇ ’ਤੇ ਫਸੇ ਭਾਰਤੀਆਂ, ਜਿਨ੍ਹਾਂ ਨੂੰ ਤਾਲਿਬਾਨ ਨੇ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਮਗਰੋਂ ਰਿਹਾਅ ਕਰ ਦਿੱਤਾ ਹੈ, ਨੂੰ ਜਲਦੀ ਹੀ ਉਥੋਂ ਵਾਪਸ ਲੈ ਆਏਗਾ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਹਵਾਈ ਅੱਡੇ ਨਜ਼ਦੀਕ ਹੀ ਉਡੀਕ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਤਾਲਿਬਾਨ ਨੇ ਹਿਰਾਸਤ ’ਚ ਲਏ 200 ਤੋਂ ਵੱਧ ਲੋਕਾਂ ਨੂੰ ਰਿਹਾਅ ਕੀਤਾ ਸੀ, ਜਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਸੀ ਤੇ ਇਨ੍ਹਾਂ ਵਿਚ ਕੁਝ ਅਫ਼ਗ਼ਾਨ ਸਿੱਖ ਤੇ ਹਿੰਦੂ ਵੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਜਿਵੇਂ ਹੀ ਇਹ ਲੋਕ ਕਾਬੁਲ ਹਵਾਈ ਅੱਡੇ ’ਤੇ ਪੁੱਜੇ, ਤਾਂ ਤਾਲਿਬਾਨੀ ਲੜਾਕਿਆਂ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਲਈ ਜਿੱਥੇ ਸਥਾਨਕ ਪੁਲਿਸ ਸਟੇਸ਼ਨ ਲਿਜਾਇਆ ਗਿਆ, ਉਥੇ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਵਾਪਸ ਮੋੜ ਦਿੱਤਾ ਗਿਆ। ਇਸ ਤੋਂ ਪਹਿਲਾਂ ਅਲ-ਇਤਿਹਾ ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਤਾਲਿਬਾਨ ਨਾਲ ਹੱਕਾਨੀ ਨੈੱਟਵਰਕ ਦੇ ਲੜਾਕਿਆਂ ਨੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਨਜ਼ਦੀਕ 150 ਦੇ ਕਰੀਬ ਲੋਕਾਂ, ਜਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ ਨਾਗਰਿਕ ਹਨ, ਨੂੰ ਅਗਵਾ ਕਰ ਲਿਆ ਹੈ। ਤਾਲਿਬਾਨ ਦੇ ਤਰਜਮਾਨ ਅਹਿਮਦੁੱਲ੍ਹਾ ਵਸੀਕ ਨੇ ਇਕ ਰੋਜ਼ਨਾਮਚੇ ਨੂੰ ਦਿੱਤੀ ਇੰਟਰਵਿਊ ਵਿਚ ਹਾਲਾਂਕਿ ਅਗਵਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਤਰਜਮਾਨ ਨੇ ਕਿਹਾ ਕਿ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਉਨ੍ਹਾਂ ਦੇ ਸਾਥੀ ਮੌਜੂਦ ਸਨ, ਜਿਨ੍ਹਾਂ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਿਆ।

Share