ਤਾਲਿਬਾਨ ਦਾ ਅਫਗਾਨਿਸਤਾਨ ’ਤੇ ਕਬਜ਼ਾ ਹੋਣ ਉਪਰੰਤ 200 ਤੋਂ ਵੱਧ ਅਫ਼ਗਾਨ ਸ਼ਰਨਾਰਥੀ ਵੈਨਕੂਵਰ ਪੁੱਜੇ

130
Share

ਵੈਨਕੂਵਰ, 21 ਜਨਵਰੀ (ਪੰਜਾਬ ਮੇਲ)- 200 ਤੋਂ ਵੱਧ ਅਫ਼ਗਾਨ ਸ਼ਰਨਾਰਥੀ ਵੈਨਕੂਵਰ ਪੁੱਜੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਤਾਂ ਬੀਤੇ ਸਾਲ ਅਗਸਤ ’ਚ ਤਾਲਿਬਾਨ ਦਾ ਅਫ਼ਗਾਨਿਸਤਾਨ ਉੱਤੇ ਕਬਜ਼ਾ ਹੋਣ ਤੋਂ ਬਾਅਦ ਸੂਬੇ ’ਚ ਪੁੱਜੇ ਹਨ। ਕੈਨੇਡਾ ਦੇ ਰਿਫਿਊਜੀਆਂ ਲਈ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਹਾਲ ਹੀ ’ਚ ਪੁੱਜੇ ਰਿਫਿਊਜੀਆਂ ਕਾਰਨ ਕੁੱਲ ਸ਼ਰਨਾਰਥੀਆਂ ਦਾ ਅੰਕੜਾ 7,000 ਹੋ ਚੁੱਕਾ ਹੈ, ਜਿਨ੍ਹਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਆਏ 161 ਰਿਫਿਊਜੀ ਵੈਨਕੂਵਰ ’ਚ ਠਾਹਰ ਕਰਨਗੇ, ਜਦਕਿ ਹੋਰ 48 ਮੁਲਕ ਵਿਚ ਕਿਤੇ ਵੀ ਵਸ ਜਾਣਗੇ, ਜਿੱਥੇ ਉਨ੍ਹਾਂ ਦੇ ਪਰਿਵਾਰਕ ਸਬੰਧ ਜਾਂ ਰਿਸ਼ਤੇ-ਨਾਤੇ ਹੋਣਗੇ। ਇਕ ਬਿਆਨ ਵਿਚ ਮੰਤਰੀ ਨੇ ਕਿਹਾ ਕਿ ਮੰਗਲਵਾਰ ਨੂੰ ਪਾਕਿਸਤਾਨ ਤੋਂ ਇਕ ਚਾਰਟਰ ਪਲੇਨ ਉਕਤ ਲੋਕਾਂ ਨੂੰ ਲੈ ਕੇ ਆਇਆ। ਇਹ ਉਹ ਲੋਕ ਸਨ, ਜੋ ਖੁਦ ਤੇ ਉਨਾਂ ਦੇ ਪਰਿਵਾਰ ਅਫ਼ਗਾਨਿਸਤਾਨ ਵਿਚ ਮੁਹਿੰਮ ਦੌਰਾਨ ਕੈਨੇਡਾ ਦੇ ਸਹਿਯੋਗੀਆਂ ਵਜੋਂ ਕੰਮ ਕਰਦੇ ਸਨ। ਬੀ. ਸੀ. ਸਰਕਾਰ ਨੇ ਨਵੰਬਰ ’ਚ 2 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਕੀਤਾ ਸੀ, ਜੋ ਕਿ ਅਫ਼ਗਾਨਿਸਤਾਨ ਵਿਚ ਮਨੁੱਖੀ ਸੰਕਟ ਕਾਰਨ ਸੂਬੇ ਵਿਚ ਵਸਣ ਵਾਲੇ ਪਰਿਵਾਰਾਂ ਦੇ ਮੁੜ-ਵਸੇਬੇ, ਉਨਾਂ ਨੂੰ ਸਥਾਨਕ ਸੇਵਾਵਾਂ ਵਧਾਉਣ ਤੇ ਇਮਦਾਦ ਲਈ ਹੈ।¿;
ਮਿਊਂਸੀਪਲ ਅਫੇਅਰਜ਼ ਮੰਤਰੀ ਜੋਸੀ ਓਸਬੋਰਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਫੰਡ ਬੀ. ਸੀ. ਦੀਆਂ ਕਮਿਊਨਿਟੀਜ਼ ਨੂੰ ਅਫਗਾਨ ਸ਼ਰਨਾਰਥੀਆਂ ਨੂੰ ਖੁਸ਼ਆਮਦੀਦ ਕਹਿਣ ਵਿਚ ਮਦਦਗਾਰ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਇਹ ਤਰਜੀਹ ਹੈ ਕਿ ਸੂਬੇ ਵਿਚ ਜੋ ਕੋਈ ਵੀ ਨਵਾਂ ਆਵੇ ਉਸ ਨੂੰ ਸੇਵਾਵਾਂ ਤੇ ਸੁਪੋਰਟ ਮਿਲੇ।

Share