ਤਾਲਾਬੰਦੀ ਮਗਰੋਂ ਬ੍ਰਿਟੇਨ ‘ਚ ਅੱਜ ਖੁੱਲ੍ਹਣਗੇ ਸਕੂਲ-ਕਾਲਜ

249
Share

ਲੰਡਨ, 1 ਸਤੰਬਰ (ਪੰਜਾਬ ਮੇਲ) – ਕੋਰੋਨਾ ਵਾਇਰਸ ਕਾਰਨ ਬ੍ਰਿਟੇਨ ਨੇ ਮਾਰਚ ਮਹੀਨੇ ਵਿਚ ਲੱਗੀਆਂ ਪਾਬੰਦੀਆਂ ਕਾਰਨ ਸਕੂਲਾਂ ਨੂੰ ਬੰਦ ਰੱਖਿਆ ਸੀ ਤੇ ਘਰੋਂ ਹੀ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਸਨ। ਮੰਗਲਵਾਰ ਤੋਂ ਬ੍ਰਿਟੇਨ ਨੇ ਕਾਲਜ-ਸਕੂਲ ਖੋਲ੍ਹ ਦਿੱਤੇ ਹਨ, ਜਿਸ ਨੂੰ ਲੈ ਕੇ ਬਹੁਤ ਸਾਰੇ ਵਿਦਿਆਰਥੀ ਉਤਸ਼ਾਹਤ ਹਨ, ਹਾਲਾਂਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਇਸ ਹਫਤੇ ਲਗਭਗ ਸਾਰੇ ਸਕੂਲ ਖੁੱਲ੍ਹ ਰਹੇ ਹਨ ਤੇ ਸਕੂਲਾਂ ਨੇ ਕਲਾਸਾਂ ਦਾ ਸਮਾਂ ਘਟਾਇਆ ਹੈ । ਸਿੱਖਿਆ ਸਕੱਤਰ ਗੈਵਿਨ ਵਿਲੀਅਮਸਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਾਸਕ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ। ਸਕੂਲ-ਕਾਲਜਾਂ ਦੇ ਕੋਰੀਡੋਰ ਵਿਚ ਕੋਰੋਨਾ ਸੰਕਰਮਣ ਵਧੇਰੇ ਫੈਲ ਸਕਦਾ ਹੈ, ਇਸ ਲਈ ਇੱਥੇ ਸਿਹਤ ਸੁਰੱਖਿਆ ਲਈ ਵੱਡੇ ਉਪਾਅ ਕਰਨ ਦੀ ਜ਼ਰੂਰਤ ਹੋਵੇਗੀ। ਬਹੁਤੇ ਵਿਦਿਆਰਥੀਆਂ ਲਈ ਤਾਂ ਇਹ ਸਾਲ ਵਿਚ ਸਕੂਲ ਦਾ ਪਹਿਲਾ ਦਿਨ ਹੋਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕਾ ਤੇ ਵਿਦਿਆਰਥੀਆਂ ਲਈ ਨਵੀਂਆਂ ਚੁਣੌਤੀਆਂ ਹੋਣਗੀਆਂ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਕਿਹਾ ਸੀ ਕਿ ਸਤੰਬਰ ਤੋਂ ਸਕੂਲਾਂ ਨੂੰ ਫਿਰ ਤੋਂ ਖੋਲ੍ਹਿਆ ਜਾਣਾ ਚਾਹੀਦਾ ਹੈ। ਸਕੂਲਾਂ ਨੂੰ ਫਿਰ ਤੋਂ ਖੋਲ੍ਹਣਾ ਇਕ ਸਮਾਜਕ, ਆਰਥਿਕ ਅਤੇ ਨੈਤਿਕ ਜ਼ਰੂਰਤ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਰਵੇਖਣ  ਵਿਚ ਇਹ ਦੱਸਿਆ ਗਿਆ ਸੀ ਕਿ ਸਰਦੀਆਂ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਖਤਰਾ ਵੱਧ ਸਕਦਾ ਹੈ। ਅਧਿਐਨ ਵਿਚ ਕਿਹਾ ਗਿਆ ਸੀ ਕਿ ਜੇਕਰ ਸਕੂਲ ਵਧੀਆ ਸੁਰੱਖਿਆ ਪ੍ਰਬੰਧਾਂ ਦੇ ਬਿਨਾਂ ਖੁੱਲ੍ਹਣਗੇ ਤਾਂ ਕੋਰੋਨਾ ਦਾ ਪ੍ਰਕੋਪ ਪਹਿਲਾਂ ਨਾਲੋਂ ਵੀ ਦੁੱਗਣੀ ਗਤੀ ਨਾਲ ਵਧੇਗਾ ਤੇ ਖਤਰਨਾਕ ਹੋਵੇਗਾ। ਪੀ. ਐੱਮ. ਨੇ ਟਵੀਟ ਵਿਚ ਕਿਹਾ ਸੀ ਕਿ ਸਕੂਲਾਂ ਨੂੰ ਫਿਰ ਤੋਂ ਖੋਲ੍ਹਣਾ ਰਾਸ਼ਟਰੀ ਪਹਿਲ ਹੈ ਤੇ ਭਵਿੱਖ ਵਿਚ ਜੇਕਰ ਤਾਲਾਬੰਦੀ ਹੁੰਦੀ ਹੈ ਤਾਂ ਸਕੂਲਾਂ ਨੂੰ ਅਖੀਰ ਵਿਚ ਬੰਦ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਜੇਕਰ ਸਕੂਲ ਬੰਦ ਕੀਤੇ ਜਾਂਦੇ ਹਨ ਤਾਂ ਮਾਂ-ਬਾਪ ਦੀ ਆਰਥਿਕ ਲਾਗਤ ਕੰਮ ਨਹੀਂ ਕਰਦੀ ਅਤੇ ਬੱਚਿਆਂ ਦੀ ਪੜ੍ਹਾਈ ਛੁੱਟ ਜਾਂਦੀ ਹੈ। ਇਸ ਲਈ ਸਾਨੂੰ ਹਿੰਮਤ ਤੇ ਸੁਰੱਖਿਆ ਮਾਪਦੰਡਾਂ ਨਾਲ ਵਿਦਿਆਰਥੀਆਂ ਨੂੰ ਸਕੂਲਾਂ-ਕਾਲਜਾਂ ਵਿਚ ਭੇਜਣਾ ਹੋਵੇਗਾ।

ਸਰਕਾਰ ਵਲੋਂ ਵਿਦਿਆਰਥੀਆਂ ਨੂੰ ਪੈਦਲ, ਸਾਈਕਲ ਜਾਂ ਆਪਣੇ ਸਕੂਟਰ-ਮੋਟਰਸਾਈਕਲਾਂ ‘ਤੇ ਸਕੂਲ ਜਾਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਂਝ ਸਰਕਾਰ ਵਲੋਂ ਸਥਾਨਕ ਅਧਿਕਾਰੀਆਂ ਨੂੰ ਵਾਧੂ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਕੂਲ ਪਹੁੰਚਣ ਲਈ ਆਸਾਨੀ ਨਾਲ ਵਾਹਨ ਮਿਲ ਸਕਣ।


Share