ਤਾਲਾਬੰਦੀ ਪੱਧਰ-4 ‘ਤੇ; ਅਗਲੇ ਮੰਗਲਵਾਰ ਥੋੜ੍ਹਾ ਟਲ ਸਕਦਾ ਕਰੋਨਾ ਗ੍ਰਹਿ

1413

ਔਕਲੈਂਡ, 13 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ’ਚ ਖਾਸ ਕਰ ਅੱਜ ਔਕਲੈਂਡ ਵਾਲਿਆਂ ਨੂੰ ਇਸ ਗੱਲ ਦੀ ਆਸ ਸੀ ਕਿ ਬੀਤੀ 17 ਅਗਸਤ ਤੋਂ ਚੱਲ ਰਹੀ ਕਰੋਨਾ ਤਾਲਾਬੰਦੀ ਕੁਝ ਨਰਮ ਹੋ ਜਾਵੇਗੀ, ਪਰ ਆਸਾਂ ਮੁਤਾਬਿਕ ਕਿੱਥੇ ਸਾਰੀਆਂ ਗੱਲਾਂ ਹੁੰਦੀਆਂ ਖਾਸ ਕਰ ਜਦੋਂ ਮਾਹਿਰ ਕੁਝ ਹੋਰ ਸੋਚ ਰਹੇ ਹੋਣ। ਅੱਜ ਔਕਲੈਂਡ ਖੇਤਰ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ ਡੈਲਟਾ ਕਰੋਨਾ ਦੇ ਨਵੇਂ 33 ਕੇਸ ਹੋਰ ਸ਼ਾਮਿਲ ਹੋ ਜਾਣ ਕਾਰਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕੀਤਾ ਹੈ ਕਿ ਔਕਲੈਂਡ ਖੇਤਰ ਅਜੇ ਇਕ ਹਫਤਾ ਹੋਰ ਅਗਲੇ ਮੰਗਲਵਾਰ, 21 ਸਤੰਬਰ ਤੱਕ ਕਰੋਨਾ ਤਾਲਾਬੰਦੀ ਪੱਧਰ-4 ਉਤੇ ਹੀ ਰਹੇਗਾ। ਔਕਲੈਂਡ ਦੇ ਬਾਕੀ ਖੇਤਰਾਂ ਦੇ ਵਿਚ ਕਰੋਨਾ ਤਾਲਾਬੰਦੀ ਪੱਧਰ-2 ਵੀ ਨਾਲ ਹੀ ਇਕ ਹਫਤੇ ਤੱਕ ਵਧਾ ਦਿੱਤਾ ਗਿਆ ਹੈ। ਅਗਲੇ ਸੋਮਵਾਰ ਕਰੋਨਾ ਤਾਲਾਬੰਦੀ ਦੀ ਦੁਬਾਰਾ ਸਮੀਖਿਆ ਹੋਵੇਗੀ। ਪਾਪਾਟੋਏਟੋਏ, ਮੈਂਗਰੀ, ਫਾਵੋਨਾ, ਮੈਸੀ, ਮਾਊਂਟ ਈਡਨ, ਓਟਾਰਾ, ਮੈਨੁਰੇਵਾ ਆਦਿ ਖੇਤਰਾਂ ਦੇ ਵਸਨੀਕਾਂ ਨੂੰ ਕਰੋਨਾ ਸ਼ਰਤਾਂ ਉਤੇ ਰਹਿਣ ਲਈ ਕਿਹਾ ਗਿਆ ਹੈ ਅਤੇ ਘਰ ਜਾਂ ਆਪਣੇ ਬਿਲਕੁਲ ਨੇੜੇ ਦੇ ਪਰਿਵਾਰਕ ਮੈਂਬਰਾਂ ਕੋਲ ਹੀ ਰਹਿਣ ਲਈ ਕਿਹਾ ਗਿਆ ਹੈ।
ਅੱਜ ਆਏ ਸਾਰੇ ਕੇਸ ਔਕਲੈਂਡ ਨਾਲ ਸਬੰਧਿਤ ਹਨ। ਪਿਛਲੇ ਕੁਝ ਦਿਨਾਂ ਤੋਂ ਇਹ ਸਭ ਤੋਂ ਜਿਆਦਾ ਕੇਸ ਹਨ, ਜੋ ਕਿ ਇਕ ਵਾਰ ਘਟ ਕੇ ਦੁਬਾਰਾ ਵਧੇ ਹਨ। ਕਰੋਨਾ ਡੈਲਟਾ ਆਉਣ ਬਾਅਦ ਕੁੱਲ ਗਿਣਤੀ ਔਕਲੈਂਡ ਦੇ ਵਿਚ 938 ਹੋ ਗਈ ਹੈ। ਵਲਿੰਗਟਨ ਵਿਖੇ ਗਿਣਤੀ 17 ਹੀ ਹੈ। 21 ਲੋਕ ਹਸਪਤਾਲ ਦਾਖਲ ਹਨ ਜਿਨ੍ਹਾਂ ਵਿਚੋਂ 4 ਆਈ. ਸੀ. ਯੂ. ਦੇ ਵਿਚ ਦਾਖਲ ਹਨ। 614 ਕੇਸ ਐਕਟਿਵ ਹਨ ਜਦ ਕਿ ਕਾਫੀ ਲੋਕ ਠੀਕ ਹੋ ਕੇ ਘਰ ਵੀ ਗਏ ਹਨ। ਇਨ੍ਹਾਂ ਵਿਚ 32 ਕੇਸ ਸਰਹੱਦ ਪਾਰ ਦੇ ਹਨ।
ਮਾਣਯੋਗ ਪ੍ਰਧਾਨ ਮੰਤਰੀ ਨੇ ਅੱਜ ਦੁਪੱਟੇ ਵਾਲੇ ਵਸਤਰ ਜਿਵੇਂ ਕਿ ਕਰੋਨਾ ਲੈਵਲ-2 ਨੂੰ ਰੰਗ ਦਿੱਤਾ ਗਿਆ ਹੈ, ਪਹਿਨੇ ਹੋਏ ਸਨ। ਅੱਜ ਦੇ ਇਸ ਵਾਧੇ ਨੂੰ ਵੇਖਦਿਆਂ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਔਕਲੈਂਡ ਵਾਲਿਓ ਬੀਬੇ ਰਾਣੇ ਬਣ ਕੇ ਇਕ ਹਫਤਾ ਹੋਰ ਕੱਟ ਲਓ ਅਗਲੇ ਹਫ਼ਤੇ ਕਰੋਨਾ ਦੀ ਸਪੀਡ ਘਟਦੀ ਵੇਖ ਕੇ ਤਾਲਾਬੰਦੀ ਪੱਧਰ ਹੇਠਾਂ ਸਰਕਾਉਣ ਦੀ ਸੋਚਾਂਗੇ। ਆਸ ਹੈ ਕਿ ਅਗਲੇ ਮੰਗਲਵਾਰ ਔਕਲੈਂਡ ਵਾਸੀਆਂ ਉਤੇ ਮੰਗਲ ਗ੍ਰਹਿ ਕਰੋਨਾ ਵਾਲਾ ਹੱਥ ਕੁਝ ਹੌਲਾ ਹੀ ਰੱਖੇਗਾ।