ਤਾਊਤੇ ਦਾ ਕਹਿਰ: ਮਹਾਰਾਸ਼ਟਰ ਅਤੇ ਕਰਨਾਟਕ ’ਚ 14 ਮੌਤਾਂ

139
Share

ਮੁੰਬਈ, 18 ਮਈ (ਪੰਜਾਬ ਮੇਲ)- ਅਰਬ ਸਾਗਰ ’ਚ ਉੱਠੇ ਚੱਕਰਵਾਤੀ ਤੂਫ਼ਾਨ ‘ਤਾਊਤੇ’ ਨੇ ਅੱਜ ਮਹਾਰਾਸ਼ਟਰ ’ਚ ਕਹਿਰ ਢਾਹਿਆ ਅਤੇ ਇਹ ਰਾਤ ਨੂੰ ਗੁਜਰਾਤ ਕੰਢੇ ’ਤੇ ਪਹੁੰਚ ਗਿਆ। ਮਹਾਰਾਸ਼ਟਰ ’ਚ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਮੋਹਲੇਧਾਰ ਮੀਂਹ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਭਾਰੀ ਤੂਫ਼ਾਨ ਕਾਰਨ 410 ਯਾਤਰੀਆਂ ਵਾਲੀਆਂ ਦੋ ਕਿਸ਼ਤੀਆਂ ਮੁੰਬਈ ਕੰਢੇ ਤੋਂ ਦੂਰ ਚਲੀ ਗਈਆਂ ਅਤੇ ਉਨ੍ਹਾਂ ਨੂੰ ਬਚਾਉਣ ਲਈ ਜਲ ਸੈਨਾ ਨੇ ਆਈਐੱਨਐੱਸ ਕੋਲਕਾਤਾ, ਆਈਐੱਨਐੰਸ ਕੋਚੀ ਅਤੇ ਆਈਐੱਨਐੱਸ ਤਲਵਾਰ ਨੂੰ ਤਾਇਨਾਤ ਕੀਤਾ ਹੈ। ਉਧਰ ਕਰਨਾਟਕ ’ਚ ਤੂਫ਼ਾਨ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਤੂਫ਼ਾਨ ਦਾ ਅਸਰ 121 ਪਿੰਡਾਂ ’ਤੇ ਪਿਆ। ਪਿੰਡਾਂ ’ਚ ਘਰਾਂ, ਫਸਲਾਂ ਅਤੇ ਹੋਰ ਭਾਰੀ ਤਬਾਹੀ ਹੋਈ ਹੈ। ਗੁਜਰਾਤ ’ਚ ਡੇਢ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਕ ਅਧਿਕਾਰੀ ਮੁਤਾਬਕ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ 54 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੋਰਬੰਦਰ ਸਿਵਲ ਹਸਪਤਾਲ ਦੇ ਆਈਸੀਯੂ ’ਚ ਵੈਂਟੀਲੇਟਰ ’ਤੇ ਪਏ 17 ਕਰੋਨਾ ਮਰੀਜ਼ਾਂ ਨੂੰ ਇਹਤਿਆਤ ਵਜੋਂ ਹੋਰ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਕੇਂਦਰ ਸਰਕਾਰ ਨੇ ਤੂਫ਼ਾਨ ਦੇ ਟਾਕਰੇ ਲਈ ਗੁਜਰਾਤ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਥਲ, ਜਲ ਅਤੇ ਹਵਾਈ ਸੈਨਾ ਨੂੰ ਲੋੜ ਪੈਣ ’ਤੇ ਪ੍ਰਸ਼ਾਸਨ ਦੀ ਸਹਾਇਤਾ ਲਈ ਤਿਆਰ ਰਹਿਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬਾ ਸਰਕਾਰ ਦੇ ਸੰਪਰਕ ’ਚ ਹਨ। ਸ੍ਰੀ ਮੋਦੀ ਨੇ ਮੁੱਖ ਮੰਤਰੀ ਵਿਜੈ ਰੂਪਾਨੀ ਨੂੰ ਫੋਨ ਕਰਕੇ ਗੁਜਰਾਤ ਸਰਕਾਰ ਵੱਲੋਂ ਤੂਫ਼ਾਨ ਨਾਲ ਸਿੱਝਣ ਲਈ ਕੀਤੀਆਂ ਗਈਆਂ ਤਿਆਰੀਆਂ ਦੀ ਜਾਣਕਾਰੀ ਲਈ। ਤੂਫ਼ਾਨ ਅੱਜ ਸਵੇਰੇ ਮੁੰਬਈ ਨੇੜੇ ਢੁੱਕਿਆ ਤਾਂ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ। ਛੇ ਵਿਅਕਤੀਆਂ ਦੀਆ ਮੌਤਾਂ ਕੋਂਕਣ ਖ਼ਿੱਤੇ ’ਚ ਹੋਈਆਂ ਹਨ। ਰਾਏਗੜ੍ਹ ਜ਼ਿਲ੍ਹੇ ’ਚ ਤਿੰਨ ਅਤੇ ਸਿੰਧੂਦੁਰਗ ਜ਼ਿਲ੍ਹੇ ’ਚ ਇਕ ਮਲਾਹ ਦੀ ਮੌਤ ਹੋਈ ਹੈ ਜਦਕਿ ਨਵੀ ਮੁੰਬਈ ਅਤੇ ਉਲਹਾਸਨਗਰ ’ਚ ਦਰੱਖ਼ਤ ਡਿੱਗਣ ਕਾਰਨ ਦੋ ਵਿਅਕਤੀ ਮਾਰੇ ਗਏ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ। ਜਲ ਸੈਨਾ ਦੇ ਤਰਜਮਾਨ ਨੇ ਕਿਹਾ ਕਿ ਬੰਬੇ ਹਾਈ ਇਲਾਕੇ ’ਚ ਹੀਰਾ ਆਇਲ ਫੀਲਡਜ਼ ਕੰਢੇ ’ਤੇ ਕਿਸ਼ਤੀ ‘ਪੀ 305’ ਦੇ ਤੂਫ਼ਾਨ ਕਾਰਨ ਦੂਰ ਜਾਣ ਦੀ ਸੂਚਨਾ ਮਿਲਣ ’ਤੇ ਆਈਐੱਨਐੱਸ ਕੋਚੀ ਨੂੰ ਬਚਾਅ ਅਤੇ ਤਲਾਸ਼ੀ ਮੁਹਿੰਮ ਲਈ ਭੇਜਿਆ ਗਿਆ ਹੈ। ਇਸ ਕਿਸ਼ਤੀ ’ਚ 273 ਵਿਅਕਤੀ ਸਵਾਰ ਹਨ। ਉਨ੍ਹਾਂ ਦੱਸਿਆ ਕਿ ਮੁਲਕ ਦੇ ਪੱਛਮੀ ਕੰਢੇ ’ਤੇ ਤਬਾਹੀ ਮਚਾ ਰਹੇ ਚੱਕਰਵਾਤੀ ਤੂਫ਼ਾਨ ‘ਤਾਊਤੇ’ ਕਾਰਨ ਲੋਕਾਂ ਦੀ ਸਹਾਇਤਾ ਲਈ ਹੋਰ ਕਈ ਜਹਾਜ਼ਾਂ ਅਤੇ ਆਫ਼ਤ ਰਾਹਤ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਤਰਜਮਾਨ ਨੇ ਦੱਸਿਆ ਕਿ ‘ਜੀਏਐੱਲ ਕੰਸਟਰੱਕਟਰ’ ਕਿਸ਼ਤੀ ਤੋਂ ਬਚਾਅ ਦਾ ਸੁਨੇਹਾ ਮਿਲਿਆ ਸੀ ਜਿਸ ’ਤੇ 136 ਯਾਤਰੀ ਸਵਾਰ ਹਨ। ਆਈਐੱਨਐੱਸ ਕੋਲਕਾਤਾ ਨੂੰ ਉਸ ਦੀ ਸਹਾਇਤਾ ਲਈ ਭੇਜਿਆ ਗਿਆ ਹੈ। ਰਾਏਗੜ੍ਹ ਜ਼ਿਲ੍ਹੇ ’ਚ ‘ਰੈੱਡ ਅਲਰਟ’ ਅਤੇ ਮੁੰਬਈ ’ਚ ‘ਆਰੈਂਜ ਅਲਰਟ’ ਜਾਰੀ ਕੀਤਾ ਗਿਆ ਹੈ। ਮੁੰਬਈ ’ਚ ਪੂਰੇ ਦਿਨ ਲਈ ਮੋਨੋ ਰੇਲ ਸੇਵਾ ਮੁਲਤਵੀ ਕਰ ਦਿੱਤੀ ਗਈ। ਸ਼ਹਿਰ ’ਚ ਕਈ ਥਾਵਾਂ ’ਤੇ ਦਰਖ਼ਤ ਟੁੱਟ ਗਏ। ਤੇਜ਼ ਹਵਾਵਾਂ ਕਾਰਨ ਬਾਂਦਰਾ-ਵਰਲੀ-ਸੀ-ਲਿੰਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਠਾਣੇ ਜਾ ਰਹੀ ਇਕ ਰੇਲ ਗੱਡੀ ’ਤੇ ਦਰੱਖ਼ਤ ਡਿੱਗ ਜਾਣ ਕਾਰਨ ਘਾਟਕੋਪਰ ਅਤੇ ਵਿਖਰੋਲੀ ਵਿਚਕਾਰ ਸੈਂਟਰਲ ਰੇਲਵੇ ਦੀਆਂ ਸਥਾਨਕ ਰੇਲ ਸੇਵਾਵਾਂ ’ਚ ਅੜਿੱਕਾ ਪਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ, ਠਾਣੇ ਅਤੇ ਸਾਹਿਲੀ ਜ਼ਿਲ੍ਹਿਆਂ ’ਚ ਹਾਲਾਤ ਦਾ ਜਾਇਜ਼ਾ ਲਿਆ।


Share