ਤਾਇਵਾਨ ’ਚ ਲੀਹ ਤੋਂ ਲੱਥੀ ਰੇਲ ਗੱਡੀ; 48 ਵਿਅਕਤੀ ਹਲਾਕ

156
Share

ਊਂਟੀ, 3 ਅਪ੍ਰੈਲ (ਪੰਜਾਬ ਮੇਲ)- ਪੂਰਬੀ ਤਾਇਵਾਨ ’ਚ ਪਹਾੜੀ ਤੋਂ ਡਿੱਗੇ ਵਾਹਨ ਨਾਲ ਟਕਰਾ ਕੇ ਇਕ ਰੇਲਗੱਡੀ ਦੇ ਲੀਹ ਤੋਂ ਲੱਥ ਜਾਣ ਕਾਰਨ 48 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ’ਚ 100 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ। ਤਾਇਵਾਨ ਦੇ ਸੱਭ ਤੋਂ ਖ਼ਤਰਨਾਕ ਰੇਲ ਹਾਦਸਿਆਂ ’ਚੋਂ ਇਕ ਮੰਨੇ ਜਾ ਰਹੇ ਇਸ ਹਾਦਸੇ ’ਚ ਰੇਲਗੱਡੀ ਦੇ ਕੁਝ ਹਿੱਸਿਆਂ ਦੇ ਸੁਰੰਗ ’ਚ ਫਸੇ ਹੋਣ ਕਾਰਨ ਮੁਸਾਫ਼ਰਾਂ ਨੂੰ ਸੁਰੱਖਿਅਤ ਕੱਢਣ ਲਈ ਖਿੜਕੀਆਂ ਅਤੇ ਛੱਤਾਂ ’ਤੇ ਚੜ੍ਹਦੇ ਦੇਖਿਆ ਗਿਆ। ਇਹ ਹਾਦਸਾ ਹਫ਼ਤੇ ਦੇ ਅਖੀਰ ਦੀਆਂ ਛੁੱਟੀਆਂ ਦੇ ਪਹਿਲੇ ਦਿਨ ਟਾਰੋਕੋ ਗੋਰਜ ਸੈਰ-ਸਪਾਟਾ ਇਲਾਕੇ ’ਚ ਵਾਪਰਿਆ ਜਿਥੇ ਕਈ ਲੋਕ ਤਾਇਵਾਨ ਦੇ ਮਜ਼ਬੂਤ ਰੇਲ ਨੈੱਟਵਰਕ ਕਾਰਨ ਰੇਲਗੱਡੀਆਂ ’ਚ ਸਫ਼ਰ ਕਰ ਰਹੇ ਸਨ। ਰੇਲਗੱਡੀ ’ਚ 400 ਤੋਂ ਵੱਧ ਵਿਅਕਤੀ ਸਵਾਰ ਸਨ। ਰੇਲਵੇ ਸਮਾਚਾਰ ਅਧਿਕਾਰੀ ਵੇਂਗ ਹੂਈ-ਪਿੰਗ ਨੇ ਇਸ ਨੂੰ ਤਾਇਵਾਨ ਦਾ ਸਭ ਤੋਂ ਘਾਤਕ ਰੇਲ ਹਾਦਸਾ ਦੱਸਿਆ ਹੈ। ਉਸ ਨੇ ਦੱਸਿਆ ਕਿ ਰੇਲਵੇ ਪ੍ਰਸ਼ਾਸਨ ਦਾ ਟਰੱਕ ਪਹਾੜੀ ਤੋਂ ਤਿਲਕ ਕੇ ਪਟੜੀ ’ਤੇ ਆ ਡਿੱਗਿਆ। ਟਰੱਕ ’ਚ ਉਸ ਵੇਲੇ ਕੋਈ ਨਹੀਂ ਸੀ। ਰੇਲਗੱਡੀ ਦਾ ਜ਼ਿਆਦਾਤਰ ਹਿੱਸਾ ਅਜੇ ਸੁਰੰਗ ਅੰਦਰ ਹੀ ਸੀ ਕਿ ਹਾਦਸਾ ਵਾਪਰ ਗਿਆ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਬਚਾਅ ਦੇ ਕੰਮ ’ਚ ਲਾਇਆ ਹੋਇਆ ਹੈ। ਤਾਇਵਾਨੀ ਪ੍ਰਧਾਨ ਮੰਤਰੀ ਸੂ ਸੇਂਗ ਚਾਂਗ ਨੇ ਰੇਲਵੇ ਪ੍ਰਸ਼ਾਸਨ ਨੂੰ ਅਜਿਹੀ ਕਿਸੇ ਵੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਇਹਤਿਆਤੀ ਕਦਮ ਉਠਾਉਣ ਲਈ ਕਿਹਾ ਹੈ।

Share