ਤਰਕਸ਼ੀਲ ਸੁਸਾਇਟੀ ਵੈਨਕੂਵਰ ਨੇ ਕਿਸਾਨੀ ਸੰਘਰਸ਼ ਦੀ ਜਿੱਤ ਦੇ ਜਸ਼ਨ ਮਨਾਏ

425
Share

ਸਰੀ, 24 ਦਸੰਬਰ (ਹਰਦਮ ਮਾਨ/ਪੰਜਾਬ ਮੇਲ)-  ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਦੀ ਵੈਨਕੂਵਰ ਟੀਮ ਵੱਲੋਂ ਕਿਸਾਨ ਸੰਘਰਸ਼ ਦੀ ਜਿੱਤ ਦੇ ਜਸ਼ਨ ਮਨਾਏ ਗਏ। ਇਸ ਸੰਬੰਧ ਵਿਚ ਹੋਈ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਅਵਤਾਰ ਬਾਈ ਨੇ ਕਿਸਾਨੀ ਸੰਘਰਸ਼ ਦੀ ਸ਼ੁਰੂਆਤ,ਇਸ ਦੇ ਸਮੁੱਚੇ ਸਫ਼ਰ,ਆਉਣ ਵਾਲੀਆਂ ਮੁਸ਼ਕਿਲਾਂ ਅਤੇ ਜਿੱਤ ਦੇ ਜਸ਼ਨਾਂ ਨੂੰ ਵਿਸਥਾਰ ਵਿੱਚ ਦੱਸਿਆ। ਇਸ ਅੰਦੋਲਨ ਵਿੱਚ ਹੋਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਅੰਦੋਲਨ ਵਿਚ ਆਪਣੇ ਵਿੱਤ ਮੁਤਾਬਿਕ ਤਨੋਂ,ਮਨੋਂ ਤੇ ਧਨੋਂ ਹਿੱਸਾ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਸੁਸਾਇਟੀ ਨੇ ਲੀਡਰਸ਼ਿੱਪ ਵੱਲੋਂ ਸੰਘਰਸ਼ ਨੂੰ ਸ਼ਾਨਾਂਮੱਤਾ ਮੋੜ ਦੇਣ ਦੀ ਸਰਾਹਨਾ ਕੀਤੀ ਅਤੇ “ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ ਚਲਦਾ ਰਹੇਗਾ” ਨੂੰ ਵੀ ਕਬੂਲ ਕਰਦਿਆਂ ਬਾਹਰੋਂ ਹਮਾਇਤ ਕਰਨ ਦੀ ਹਾਮੀ ਭਰੀ। ਕਿਸਾਨੀ ਅੰਦੋਲਨ ਵਿੱਚ ਖੱਬੇ ਪੱਖੀ ਲੋਕਾਂ ਵੱਲੋਂ ਕਾਰਪੋਰੇਸ਼ਨਾਂ ਦੀ ਅਸਲੀਅਤ ਨੂੰ ਨੰਗਾ ਕਰਕੇ  ਲੋਕਾਂ ਸਾਹਮਣੇ ਲਿਆਉਣ ਵਿੱਚ ਵਡਮੁੱਲਾ ਰੋਲ ਅਦਾ ਕਰਨ ਦੀ ਵੀ ਸ਼ਲਾਘਾ ਕੀਤੀ ਗਈ।

ਮੀਟਿੰਗ ਦੌਰਾਨ ਨਿਰਮਲ ਕਿੰਗਰਾ ਤੇ ਪਰਮਿੰਦਰ ਸਵੈਚ ਨੇ ਕਿਸਾਨੀ ਸੰਘਰਸ਼ ਦੇ ਸਬੰਧ ਵਿੱਚ ਨਵੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਅਤੇ ਸਾਧੂ ਸਿੰਘ,ਸਰਬਜੀਤ ਓਖਲਾਹਰਪਾਲ ਗਰੇਵਾਲ,ਰਵਾਇਤ ਸਿੰਘ,ਨਿਰਮਲ ਕਿੰਗਰਾ,ਮਲਕੀਤ ਸਿੰਘ,ਸਵਰਨ ਚਾਹਲ,ਜਗਰੂਪ ਧਾਲੀਵਾਲ,ਗੁਰਮੇਲ ਗਿੱਲ,ਆਰਤੀ,ਜਸਵੀਰ ਮੰਗੂਵਾਲ,ਕੁਲਵੀਰ ਤੇ ਦੀਪ ਸਿੰਘ ਨੇ ਆਪਣੇ ਵਿਚਾਰ ਰੱਖੇ।

ਸੁਸਾਇਟੀ ਵਿੱਚ ਚੇਤਨਾ ਲਿਆਉਣ ਅਤੇ ਸਰਗਰਮੀਆਂ ਵਧਾਉਣ ਲਈ ਨਵੇਂ ਸਾਲ ਦੇ ਉਲੀਕੇ ਪ੍ਰੋਗਰਾਮ ਉਲੀਕੇ ਗਏ ਜਿਨ੍ਹਾਂ ਵਿਚ ਹਰ ਮਹੀਨੇ ਦੇ ਤੀਸਰੇ ਐਤਵਾਰ ਦੀ ਮੀਟਿੰਗ ਵਿਚ ਸਮਾਜਿਕ ਚੇਤਨਾ,ਬ੍ਰਹਿਮੰਡ ਸ੍ਰਿਸ਼ਟੀ ਦੀ ਉਤਪਤੀ,ਵਿਗਿਆਨਕ ਸਿਧਾਂਤ,ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ,ਔਰਤ ਦਿਵਸ,ਵਾਤਾਵਰਣ ਤਬਦੀਲੀਆਂ ਅਤੇ ਜੀਵ ਵਿਕਾਸ,ਕਿਰਤ ਦੀ ਮਹੱਤਤਾ ਤੇ ਕਿਰਤ ਦਿਵਸ,ਪਰਿਵਾਰ ਦਿਵਸ ਲਈ ਰਲ਼ ਕੇ ਪਿਕਨਿਕ ਮਨਾਉਣਾ,ਕੈਨੇਡਾ ਦਾ ਇਤਿਹਾਸ ਤੇ ਹਾਲਾਤ,ਭੂਗੋਲਕ ਜਾਣਕਾਰੀਮਨੁੱਖੀ ਸਮਾਜ ਦਾ ਭੂਤਕਾਲ,ਵਰਤਮਾਨ ਤੇ ਭਵਿੱਖ,ਕਲਾ ਦੇ ਵੱਖਰੇ ਰੂਪਾਂ ਬਾਰੇ ਗਿਆਨ-ਮੁਕਾਬਲੇ,ਭੌਤਿਕਵਾਦੀ (ਪਦਾਰਥਵਾਦੀ) ਦਰਸ਼ਨ,ਕਰਤਾਰ ਸਰਾਭਾ ਤੇ ਗ਼ਦਰ ਲਹਿਰ,ਤਿਉਹਾਰਾਂ ਦੀ ਮਹੱਤਤਾ, ਸ਼ਮੂਲੀਅਤ, ਮੰਡੀ ਤੇ ਇਹਨਾਂ ਨੂੰ ਮਨਾਏ ਜਾਣ ਬਾਰੇ ਚੇਤਨਾ ਪੱਖ ਆਦਿ ਵਿਸ਼ਿਆਂ ਉਪਰ ਸੈਮੀਨਾਰ ਕਰਵਾਏ ਜਾਣਗੇ।

ਜਸਵਿੰਦਰ ਹੇਅਰ ਦੇ ਘਰ ਦੋਹਤੀ ਦੇ ਆਉਣ ਦੀ ਖੁਸ਼ੀ ਪ੍ਰਗਟ ਕੀਤੀ ਗਈ ਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਕਾਮਰੇਡ ਕ੍ਰਿਪਾਲ ਬੈਂਸ ਦੇ ਪਿਤਾ ਦੇ ਵਿਛੋੜੇ ਉਪਰ ਦੁੱਖ ਪ੍ਰਗਟ ਕੀਤਾ ਗਿਆ। ਸੁਸਾਇਟੀ ਵੱਲੋਂ ਪੰਜਾਬ ਦੇ ਤਾਜ਼ਾ ਹਾਲਾਤ ਉਪਰ ਫਿਕਰ ਕਰਦਿਆਂ ਬੇਅਦਬੀ ਦੇ ਮੁੱਦਿਆਂ ਦੀ ਅਤੇ ਸ਼ਰਾਰਤੀ ਅਨਸਰਾਂ ਦੇ ਕਤਲਾਂ ਅਤੇ ਮੌਬ ਲਿਚਿੰਗ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।


Share