ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਵੱਲੋਂ ਕੈਨੇਡਾ ਤੇ ਭਾਰਤ ਦੇ ਚਲੰਤ ਮਸਲਿਆਂ ਤੇ ਵਿਚਾਰ ਚਰਚਾ

558
Share

ਸਰੀ, 12 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)-ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੀ ਇਕ ਜ਼ਰੂਰੀ ਮੀਟਿੰਗ ਬਾਈ ਅਵਤਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੈਨੇਡਾ ਸਮੇਤ ਭਾਰਤ ਵਿਚਲੇ ਚਲੰਤ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਕੈਨੇਡਾ ਵਿਚ ਹਰ ਰੋਜ਼ ਅੰਧਵਿਸ਼ਵਾਸ਼ ਫੈਲਾਉਣ ਵਾਲੇ ਠੱਗਾਂ ਦੇ ਵਧ ਰਹੇ ਅੱਡਿਆਂ ਤੇ ਚਿੰਤਾ ਜ਼ਾਹਰ ਕੀਤੀ ਗਈ ਅਤੇ ਅਜਿਹੇ ਗੈਰ-ਕਾਨੂੰਨੀ ਅਤੇ ਗ਼ੈਰ-ਵਿਗਿਆਨਿਕ ਅਨਸਰਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਭ ਪੱਧਰ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਅਖੌਤੀ ਜੋਤਿਸ਼ੀਆਂ, ਤਾਂਤਰਿਕਾਂ ਦੇ ਕਥਿਤ ਝੂਠੇ ਇਸ਼ਤਿਹਾਰਾਂ ਤੇ ਮੁਕੰਮਲ ਪਬੰਦੀ ਲਾਈ ਜਾਵੇ। ਸੁਸਾਇਟੀ ਇਹ ਮੰਗ ਪਿਛਲੇ 20 ਸਾਲਾਂ ਤੋਂ ਕਰਦੀ ਆ ਰਹੀ ਹੈ ਅਤੇ ਲੋਕਾਂ ਨੂੰ ਰੇਡੀਓ, ਟੀ ਵੀ, ਸੋਸ਼ਲ ਮੀਡੀਆ ਤੋਂ ਇਲਾਵਾ ਸਮਾਜਿਕ ਸਮਾਗਮਾਂ ਰਾਹੀਂ ਜਾਗਰੂਕ ਕਰਦੀ ਆ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਹਿ ਸਕੱਤਰ ਨਿਰਮਲ ਸਿੰਘ ਕਿੰਗਰਾ ਨੇ ਦੱਸਿਆ ਹੈ ਕਿ
ਭਾਰਤ ਵਿਚਲੇ ਕਿਸਾਨ ਸੰਘਰਸ਼ ਬਾਰੇ ਵਿਚਾਰ ਕਰਦਿਆਂ ਤਰਕਸ਼ੀਲ ਆਗੂਆਂ ਨੇ ਕਿਹਾ ਕਿ ਲਖੀਮਪੁਰ ਵਿਖੇ ਕਿਸਾਨਾਂ ਉਪਰ ਇਕ ਗਿਣੀ ਮਿਥੀ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਹੈ ਜਿਸ ਵਿਚ ਕਿਸਾਨਾਂ ਸਮੇਤ ਕੁੱਲ 9 ਜਾਨਾਂ ਜਾ ਚੁੱਕੀਆਂ ਹਨ। ਸੁਸਾਇਟੀ ਨੇ ਇਨ੍ਹਾਂ ਮੌਤਾਂ ਲਈ ਮੋਦੀ ਹਕੂਮਤ ਅਤੇ ਬੀ ਜੇ ਪੀ ਨੂੰ ਜ਼ਿੰਮੇਵਾਰ ਦਸਦਿਆਂ ਇਸ ਦੀ ਸਖਤ ਨਿੰਦਿਆ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਦੋਸ਼ੀ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।
ਸੁਸਾਇਟੀ ਨੇ ਇਹ ਵੀ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਬਰਖਾਸਤ ਕਰੇ ਅਤੇ ਮੁੱਖ ਮੰਤਰੀ ਹਰਿਆਣਾ ਵੱਲੋਂ ਦਿੱਤੇ ਭੜਕਾਊ ਬਿਆਨ ਕਰਕੇ ਉਸ ਤੋਂ ਅਸਤੀਫਾ ਲਿਆ ਜਾਵੇ। ਕਿਸਾਨ ਵਿਰੋਧੀ ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣ ਅਤੇ ਐੱਮ ਐੱਸ ਪੀ ਸਾਰੇ ਦੇਸ਼ ਵਿੱਚ ਲਾਗੂ ਕਰਨ ਲਈ ਕਾਨੂੰਨ ਪਾਸ ਕਰਨ ਅਤੇ ਕਿਸਾਨ ਸੰਘਰਸ਼ ਨੂੰ ਸਮਾਪਤ ਕਰਕੇ ਦੇਸ਼ ਦੇ ਲੋਕਾਂ ਵਿਚ ਫੈਲੀ ਅਸੰਤੁਸ਼ਟੀ ਦੀ ਭਾਵਨਾ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ।


Share