ਤਰਕਸ਼ੀਲਾਂ ਵੱਲੋਂ ਦਿੱਲੀ ‘ਚ ਸਿੱਖ ਲੜਕੀ ਦਾ ਮੂੰਹ ਕਾਲਾ ਕਰਕੇ ਜਲੂਸ ਕੱਢਣ ਦੀ ਸਖਤ ਨਿਖੇਧੀ

228
Share

ਸਰੀ, 7 ਫਰਵਰੀ (ਹਰਦਮ ਮਾਨ/ਪੰਜਾਬ ਮੇਲ)- ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਦੇ ਵੈਨਕੂਵਰ ਯੂਨਿਟ ਦੀ ਹੰਗਾਮੀ ਮੀਟਿੰਗ ਬਾਈ ਅਵਤਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੁਸਾਇਟੀ ਦੀ ਸਕੱਤਰ ਪਰਮਿੰਦਰ ਸਵੈਚ ਨੇ ਦੱਸਿਆ ਕਿ ਮੀਟਿੰਗ ਦੇ ਪਹਿਲੇ ਮਤੇ ਰਾਹੀਂ ਸੁਸਾਇਟੀ ਮੈਂਬਰ ਸੁਖਜੀਤ ਗਰਚਾ ਦੇ ਘਰ ਉੱਪਰ ਚੱਲੀਆਂ ਗੋਲੀਆਂ ਤੇ ਸਖਤ ਚਿੰਤਾ ਜ਼ਾਹਰ ਕੀਤੀ ਗਈ। ਇਸ ਘਟਨਾ ਵਿਚ ਬੇਸ਼ੱਕ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ ਪਰ ਘਰ ਦੇ ਨੁਕਸਾਨ ਤੋਂ ਇਲਾਵਾ ਪਰਿਵਾਰ ਖਾਸ ਕਰਕੇ ਬੱਚਿਆਂ ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ, ਪਰਿਵਾਰ ਸਦਮੇ ਵਿੱਚ ਹੈ। ਇਸ ਸਬੰਧੀ ਸਥਾਨਕ ਪੁਲੀਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਕਿ ਦਿਨੋ ਦਿਨ ਸ਼ਰੇਆਮ ਵਧ ਰਹੀ ਅਜਿਹੀ ਗੁੰਡਾਗਰਦੀ ਨੂੰ ਰੋਕਣ ਲਈ ਯੋਗ ਉਪਰਾਲੇ ਕੀਤੇ ਜਾਣ।
ਦੂਸਰੇ ਮਤੇ ਰਾਹੀਂ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਇੱਕ 20 ਸਾਲਾ ਵਿਆਹੁਤਾ ਸਿੱਖ ਔਰਤ ਨਾਲ ਹੋਈ ਬਦਸਲੂਕੀ, ਉਸ ਦੇ ਵਾਲ ਕੱਟੇ ਜਾਣਾ, ਉਸ ਦਾ ਮੂੰਹ ਕਾਲਾ ਕਰਕੇ ਗਲੀਆਂ ਵਿੱਚ ਜਲੂਸ ਕੱਢਣ ਤੋਂ ਇਲਾਵਾ ਉਸ ਦੇ ਕਮਰੇ ਵਿੱਚ ਲੜਕਿਆਂ ਨੂੰ ਛੱਡ ਕੇ ਦੁਰਵਿਹਾਰ ਕਰਨ ਦੀ ਸਖਤ ਨਿੰਦਿਆ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
ਤੀਸਰੇ ਮਤੇ ਰਾਹੀਂ ਐਬਸਫੋਰਡ ਦੇ ਫਾਰਮ ਹਾਊਸਾਂ ਦੇ ਪਾਣੀ ਵਿੱਚ ਡੁੱਬ ਜਾਣ ਕਾਰਨ ਫਸਲਾਂ, ਘਰਾਂ ਅਤੇ ਪਸ਼ੂ ਧਨ ਦੀ ਹੋਈ ਤਬਾਹੀ ਤੇ ਗੰਭੀਰ ਚਿੰਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਗਈ। ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਤੁਰੰਤ ਪੀੜਤ ਕਿਸਾਨਾਂ ਦੀ ਮਾਲੀ ਮਦਦ ਦਾ ਐਲਾਨ ਕੀਤਾ ਜਾਵੇ ਤੇ ਕਿਸਾਨੀ ਦੀ ਬਾਂਹ ਫੜੀ ਜਾਵੇ।
ਅਗਲੇ ਮਤੇ ਰਾਹੀਂ ਮੌਂਟਰੀਅਲ (ਕਿਊਬਿਕ) ਦੇ ਤਿੰਨ ਕਾਲਜਾਂ, ਜਿਨ੍ਹਾਂ ਵਿਚ 98% ਵਿਦੇਸ਼ੀ ਵਿਦਿਆਰਥੀ ਖਾਸ ਕਰਕੇ ਪੰਜਾਬੀ ਪੜ੍ਹਦੇ ਹਨ, ਵੱਲੋਂ ਕਾਲਜ ਬੰਦ ਕਰਕੇ ਦੀਵਾਲੀਆਪਨ ਦਾਖਲ ਕਰਵਾਉਣ ਅਤੇ ਤਕਰੀਬਨ 2,000 ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪਾ ਦੇਣ ਬਾਰੇ ਡੂੰਘੀ ਚਰਚਾ ਕੀਤੀ ਗਈ। ਸੁਸਾਇਟੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਆਪਣਾ ਪੱਲਾ ਝਾੜਦੀਆਂ ਨਜ਼ਰ ਆ ਰਹੀਆਂ ਹਨ। ਸੁਸਾਇਟੀ ਨੇ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਬੱਚਿਆਂ ਦਾ ਭਵਿੱਖ ਤਬਾਹ ਕਰਨ ਲਈ ਸੂਬਾ ਅਤੇ ਫੈਡਰਲ ਦੋਵੇਂ ਸਰਕਾਰਾਂ ਬਰਾਬਰ ਦੀਆਂ ਜ਼ਿੰਮੇਵਾਰ ਹਨ ਅਤੇ ਇਸ ਸੰਬੰਧੀ ਬਹੁਤ ਸਾਰੀ ਜਾਣਕਾਰੀ ਮੀਡੀਆ ਰਾਹੀਂ ਬਾਹਰ ਆ ਚੁੱਕੀ ਹੈ। ਇਸ ਸਬੰਧੀ ਸੁਸਾਇਟੀ ਵੱਲੋਂ ਮਿਤੀ 13 ਫਰਵਰੀ 22, ਦਿਨ ਐਤਵਾਰ, ਠੀਕ 2 ਵਜੇ ਦੁਪਹਿਰ, ਬੀਅਰ ਕਰੀਕ ਪਾਰਕ ਦੀ 88 ਐਵੀਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਵਾਲੇ ਪਾਸੇ ਨੁੱਕਰ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਦਿਖਾਵਾ ਕੀਤਾ ਜਾਵੇਗਾ। ਸੁਸਾਇਟੀ ਵੱਲੋਂ ਸਭ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਰੋਸ ਵਿਖਾਵੇ ਦਾ ਹਿੱਸਾ ਬਣਕੇ ਵਿਦੇਸ਼ੀ ਵਿਦਿਆਰਥੀਆਂ ਨਾਲ ਕੀਤੀ ਜਾਂਦੀ ਹਰ ਤਰ੍ਹਾਂ ਦੀ ਲੁੱਟ ਦਾ ਵਿਰੋਧ ਕੀਤਾ ਜਾਵੇ ਅਤੇ ਇਨਸਾਫ ਦੀ ਮੰਗ ਕੀਤੀ ਜਾਵੇ। ਵਿਖਾਵੇ ਲਈ ਵਧੇਰੇ ਜਾਣਕਾਰੀ ਹਾਸਲ ਕਰਨ ਅਤੇ ਸ਼ਮੂਲੀਅਤ ਬਾਰੇ 604 728 7011 (ਅਵਤਾਰ ਬਾਈ ਪ੍ਰਧਾਨ), 604 760 4794 (ਪਰਮਿੰਦਰ ਸਵੈਚ ਸਕੱਤਰ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।


Share