ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੇ ਮੈਂਬਰ ਆਪਸ ’ਚ ਹੋਏ ਧੱਕਾ-ਮੁੱਕੀ

370
Share

-ਧੱਕਾ-ਮੁੱਕੀ ’ਚ ਮੰਚ ਤੋਂ ਹੇਠਾਂ ਡਿੱਗੇ ਪ੍ਰਧਾਨ
ਪਟਨਾ, 19 ਅਕਤੂਬਰ (ਪੰਜਾਬ ਮੇਲ)- ਵਿਸ਼ਵ ’ਚ ਸਿੱਖਾਂ ਦੇ ਦੂਜੇ ਵੱਡੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ਼ੁੱਕਰਵਾਰ ਰਾਤ ਗੁਰਦੁਆਰਾ ਸੰਵਿਧਾਨ ਵਿਰੁੱਧ ਮੁੱਖ ਗ੍ਰੰਥੀ, ਸੁਪਰਡੈਂਟ ਸਮੇਤ ਹੋਰ ਦੇ ਸੇਵਾਮੁਕਤੀ ਕਰਨ ਦੇ ਐਲਾਨ ’ਤੇ ਧੱਕਾ-ਮੁੱਕੀ ਹੋ ਗਈ। ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਪ੍ਰਧਾਨ ਦੇ ਹੱਥ ’ਚੋਂ ਮਾਈਕ ਖੋਹ ਲਿਆ। ਧੱਕਾ-ਮੁੱਕੀ ’ਚ ਪ੍ਰਧਾਨ ਮੰਚ ਤੋਂ ਹੇਠਾਂ ਡਿੱਗ ਗਏ। ਮੰਚ ’ਤੇ ਕੁੱਟਮਾਰ ਹੋਣ ਲੱਗੀ। ਇਸ ਤੋਂ ਬਾਅਦ ਕਥਾ ਸੁਣ ਰਹੇ ਸ਼ਰਧਾਲੂਆਂ ਵਿਚਾਲੇ ਭੱਜ-ਦੌੜ ਪੈ ਗਈ। ਧੱਕਾ-ਮੁੱਕੀ ’ਚ ਪ੍ਰਧਾਨ ਦੇ ਸੱਜੇ ਹੱਥ ’ਤੇ ਸੱਟ ਲੱਗੀ ਹੈ। ਬਹਿਸ ਦੀ ਸੂਚਨਾ ਮਿਲਦੇ ਹੀ ਚੌਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਹਾਂ ਪੱਖਾਂ ਨੂੰ ਸਮਝਾ ਕੇ ਸਥਿਤੀ ਸ਼ਾਂਤ ਕਰਵਾਈ। ਦੋਹਾਂ ਪੱਖਾਂ ਵਲੋਂ ਹੁਣ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। 22 ਅਕਤੂਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੀ ਗੁਰਦੁਆਰਾ ਸਾਹਿਬ ਆਉਣ ਦੀ ਗੱਲ ਕਹੀ ਜਾ ਰਹੀ ਹੈ। ਦੱਸ ਦੱਈਏ ਕਿ ਸ਼ੁੱਕਰਵਾਰ ਨੂੰ ਅਵਤਾਰ ਸਿੰਘ ਹਿੱਤ ਨੇ 63 ਸਾਲ ਦੀ ਉਮਰ ਪੂਰੀ ਕਰ ਚੁੱਕੇ ਸੇਵਾਦਾਰਾਂ ਨੂੰ ਸੇਵਾਮੁਕਤ ਕਰ ਦਿੱਤੇ ਜਾਣ ਅਤੇ ਉਨ੍ਹਾਂ ਤੋਂ ਕਮਰਾ ਖਾਲੀ ਕਰਵਾ ਕੇ ਸਵਾ ਲੱਖ ਰੁਪਏ ਦਾ ਚੈੱਕ ਲਏ ਜਾਣ ਦਾ ਐਲਾਨ ਕਰਦੇ ਸਮੇਂ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜਾ ਸਿੰਘ ਉਨ੍ਹਾਂ ਨਾਲ ਉਲਝ ਪਏ। ਇਸ ਦੌਰਾਨ ਰਾਜਾ ਸਿੰਘ ਨੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਹੱਥੋਪਾਈ ਕਰ ਕੇ ਉਨ੍ਹਾਂ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਫਰਸ਼ ’ਤੇ ਡਿੱਗ ਕੇ ਜ਼ਖਮੀ ਹੋ ਗਏ। ਇਸ ਦੌਰਾਨ ਸੇਵਾਦਾਰਾਂ ਨੇ ਪ੍ਰਧਾਨ ਅਤੇ ਜਨਰਲ ਸਕੱਤਰ ਨਾਲ ਕੁੱਟਮਾਰ ਵੀ ਕੀਤੀ। ਘਟਨਾ ਦੀ ਪੂਰੀ ਵਾਰਦਾਤ ਤਖ਼ਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਇਨ੍ਹਾਂ ਤਸਵੀਰਾਂ ’ਚ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ ਕਿ ਰਾਜਾ ਸਿੰਘ ਵਲੋਂ ਅਵਤਾਰ ਸਿੰਘ ਨੂੰ ਧੱਕਾ ਦਿੱਤਾ ਗਿਆ, ਜਿਸ ਕਾਰਨ ਉਹ ਡਿੱਗ ਕੇ ਜ਼ਖਮੀ ਹੋ ਗਏ। ਬਾਅਦ ’ਚ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਸੀ। ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜਾ ਸਿੰਘ ਦੀ ਅਗਵਾਈ ’ਚ ਸੇਵਾਦਾਰਾਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨਾਲ ਕੀਤੇ ਗਏ ਗਲਤ ਰਵੱਈਏ ਅਤੇ ਕੁੱਟਮਾਰ ਨੂੰ ਲੈ ਕੇ ਸ੍ਰੀ ਪਟਨਾ ਸਾਹਿਬ ’ਚ ਤਣਾਅ ਦੀ ਸਥਿਤੀ ਹੈ। ਕੁੱਟਮਾਰ ਦੀ ਘਟਨਾ ਤੋਂ ਪੈਦਾ ਤਣਾਅ ਤੋਂ ਬਾਅਦ ਭਾਰੀ ਗਿਣਤੀ ’ਚ ਪੁਲਿਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਹੈ।

Share