ਤਖਤ ਕੇਸਗੜ੍ਹ ਸਾਹਿਬ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ‘ਚ ਵੀ ਲੰਗਰ ਘਪਲਾ

749
Share

ਕਈ ਗੜਬੜੀਆਂ ਆਈਆਂ ਸਾਹਮਣੇ
ਸ੍ਰੀ ਮੁਕਤਸਰ ਸਾਹਿਬ, 3 ਜੁਲਾਈ (ਪੰਜਾਬ ਮੇਲ)- ਤਖ਼ਤ ਕੇਸਗੜ੍ਹ ਸਾਹਿਬ ਵਿਖੇ ਲੰਗਰ ‘ਚ ਘਪਲੇ ਤੋਂ ਬਾਅਦ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਦੇ ਉਡਣ ਦਸਤੇ ਵੱਲੋਂ ਕੀਤੀ ਪੜਤਾਲ ‘ਚ ਕਈ ਗੜਬੜੀਆਂ ਸਾਹਮਣੇ ਆਈਆਂ ਹਨ। ਕਰੀਬ ਅੱਸੀ ਹਜ਼ਾਰ ਰੁਪਏ ਹਰਜਾਨੇ ਵਜੋਂ ਦਫਤਰੀ ਅਮਲੇ ਪਾਸੋਂ ਭਰਵਾਏ ਗਏ ਹਨ। ਇਹ ਉਡਣ ਦਸਤਾ ਕੁਲਦੀਪ ਸਿੰਘ ਰੋਡੇ ਦੀ ਅਗਵਾਈ ਹੇਠ ਆਇਆ ਸੀ। ਪੜਤਾਲ ਦੌਰਾਨ ਪਾਇਆ ਗਿਆ ਕਿ ਤਾਲਾਬੰਦੀ ਦੇ ਦੌਰਾਨ ਦਰਬਾਰ ਸਾਹਿਬ ਵਿਖੇ ਦੁੱਧ ਅਤੇ ਹੋਰ ਖੁਰਾਕੀ ਪਦਾਰਥਾਂ ਦੀ ਖਰੀਦ ‘ਚ ਕਥਿਤ ਹੇਰਾਫੇਰੀ ਕੀਤੀ ਗਈ ਸੀ। ਹਾਲ ਦੀ ਘੜੀ ਉਡਣ ਦਸਤੇ ਵੱਲੋਂ ਮੈਨੇਜਰ ਸੁਮੇਰ ਸਿੰਘ ਅਤੇ ਸਟੋਰ ਕੀਪਰ ਕੁਲਵੰਤ ਸਿੰਘ ਝਬੇਲਵਾਲੀ ਪਾਸੋਂ ਪੜਤਾਲ ਕੀਤੀ ਜਾ ਰਹੀ ਹੈ। ਸ਼੍ਰੀ ਰੋਡੇ ਨੇ ਕਿਹਾ ਕਿ ਸਾਰੇ ਮਾਮਲੇ ਦੀ ਪੜਤਾਲ ਕਰਕੇ ਸ੍ਰੋਮਣੀ ਕਮੇਟੀ ਨੂੰ ਦੇ ਦਿੱਤੀ ਹੈ।
ਇਸ ਦੌਰਾਨ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਵਿਰੋਧੀਆਂ ਵੱਲੋ ਝੂਠਾ ਉਭਾਰਿਆ ਗਿਆ ਹੈ। ਉਹ ਕਰੀਬ ਤਿੰਨ ਮਹੀਨੇ ਪਹਿਲਾਂ ਆਏ ਹਨ। ਤਾਲਾਬੰਦੀ ਦੌਰਾਨ ਕਿਸੇ ਮਹਿਮਾਨ ਜਾਂ ਸੰਗਤ ਦੀ ਲੋੜ ਲਈ ਲੋੜ ਵਾਸਤੇ ਸਟੋਰਕੀਪਰ ਵੱਲੋ ਥੋੜਾ ਬਹੁਤ ਦੁੱਧ ਜਾਂ ਹੋਰ ਰਾਸ਼ਨ ਦਾ ਮੌਕੇ ‘ਤੇ ਪ੍ਰਬੰਧ ਕੀਤਾ ਜਾਂਦਾ ਸੀ। ਇਸੇ ਨੂੰ ਆਧਾਰ ਬਣਾ ਕੇ ਉਡਣ ਦਸਤੇ ਨੇ ਪੂਰੇ ਸਾਲ ਦਾ ਖਰਚਾ ਉਨ੍ਹਾਂ ਦੇ ਸਿਰ ਪਾ ਦਿੱਤਾ ਹੈ। ਇਹ ਸਾਰਾ ਕੁੱਝ ਬਦਨਾਮ ਕਰਨ ਦੀ ਖਾਤਰ ਕੀਤਾ ਗਿਆ ਹੈ, ਜਿਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਵਿਖੇ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਤੇ ਆਉਣ ਵਾਲੇ ਦਿਨਾਂ ‘ਚ ਉਹ ਸਾਰੀ ਸਥਿਤੀ ਵੀ ਸਪਸ਼ਟ ਕਰ ਦੇਣਗੇ।


Share