ਤਕਰੀਬਨ ਇੱਕ ਮਹੀਨੇ ਬਾਅਦ ਵੀ ਡਿਕਸੀ ਫਾਇਰ ਮਚਾ ਰਹੀ ਹੈ ਤਬਾਹੀ

536
Share

ਫਰਿਜ਼ਨੋ, 16 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਉੱਤਰੀ ਕੈਲੀਫੋਰਨੀਆ ਦੇ ਜੰਗਲੀ ਖੇਤਰਾਂ ’ਚ ਤਕਰੀਬਨ ਇੱਕ ਮਹੀਨੇ ਪੁਰਾਣੀ ਜੰਗਲ ਦੀ ਅੱਗ ਤਬਾਹੀ ਮਚਾ ਰਹੀ ਹੈ। ਇਹ ਅੱਗ ਛੋਟੇ ਸ਼ਹਿਰਾਂ ਵੱਲ ਵਧ ਰਹੀ ਹੈ ਅਤੇ ਹਜ਼ਾਰਾਂ ਘਰਾਂ ਲਈ ਤਬਾਹੀ ਦਾ ਖਦਸ਼ਾ ਹੋਰ ਵਧ ਗਿਆ ਹੈ। 6,000 ਤੋਂ ਵੱਧ ਫਾਇਰ ਫਾਈਟਰ ਇਕੱਲੀ ਡਿਕਸੀ ਫਾਇਰ ਨੂੰ ਬੁਝਾਉਣ ਲਈ ਲੜ ਰਹੇ ਕਨ, ਜਿਸ ਨਾਲ 1,000 ਤੋਂ ਵੱਧ ਘਰ, ਕਾਰੋਬਾਰ ਅਤੇ ਹੋਰ ਢਾਂਚੇ ਤਬਾਹ ਹੋ ਗਏ ਹਨ। ਅੱਗ ਬੁਝਾਊ ਕਰਮਚਾਰੀ ਡਿਕਸੀ ਫਾਇਰ ਨੂੰ ਅਲਮਨੋਰ ਝੀਲ ਦੇ ਪੂਰਬ ਵੱਲ ਵੈਸਟਵੁੱਡ ਤੱਕ ਪਹੁੰਚਣ ਤੋਂ ਰੋਕਣ ਲਈ ਜੱਦੋ-ਜਹਿਦ ਕਰ ਰਹੇ ਹਨ। ਜਿਸ ਵਾਸਤੇ ਅੱਗ ਦੇ ਰਾਸਤੇ ਵਿਚ ਰੁਕਾਵਟ ਪੈਦਾ ਕਰਨ ਲਈ ਬਲਡੋਜ਼ਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਲਮਾਸ ਕਾਉਂਟੀ ਦੇ ਸ਼ੈਰਿਫ ਦਫਤਰ ਅਨੁਸਾਰ ਇਸ ਅੱਗ ਕਾਰਨ ਗ੍ਰੀਨਵਿਲੇ ਅਤੇ ਚੈਸਟਰ ਦੇ ਖੇਤਰਾਂ ਵਿਚ ਚਾਰ ਲੋਕ ਲਾਪਤਾ ਵੀ ਹੋਏ ਹਨ। ਡਿਕਸੀ ਅੱਗ ਕਾਰਨ ਪਲਮਾਸ ਕਾਉਂਟੀ ਵਿਚ ਸ਼ੁੱਕਰਵਾਰ ਨੂੰ ਹੋਰ ਘਰਾਂ ਨੂੰ ਛੱਡਣ ਦੇ¿; ਆਦੇਸ਼ ਜਾਰੀ ਕੀਤੇ ਗਏ। 13 ਜੁਲਾਈ ਨੂੰ ਸ਼ੁਰੂ ਹੋਈ ਡਿਕਸੀ ਫਾਇਰ ਨੇ 800 ਸਕੁਏਰ ਮੀਲ ਤੋਂ ਵੱਧ ਨੂੰ ਤਬਾਹ ਕਰ ਦਿੱਤਾ ਹੈ। ਇਸ ਤਬਾਹੀ ਦੇ ਇਲਾਵਾ ਨੈਸ਼ਨਲ ਇੰਟੈਰੇਜੈਂਸੀ ਫਾਇਰ ਸੈਂਟਰ ਦੇ ਅਨੁਸਾਰ, ਨੇੜਲੇ ਖੇਤਰਾਂ ਵਿਚ ਹਵਾ ਦੀ ਗੁਣਵੱਤਾ ਵੀ ਅੱਗ ਦੇ ਧੂੰਏਂ ਕਾਰਨ ਸਿਹਤ ਲਈ ਹਾਨੀਕਾਰਕ ਬਣੀ ਹੋਈ ਹੈ। ਅਮਰੀਕਾ ਦੇ ਪੱਛਮੀ ਰਾਜਾਂ ਵਿਚ ਸੋਕੇ ਅਤੇ ਗਰਮ ਮੌਸਮ ਦੌਰਾਨ 100 ਤੋਂ ਵੱਧ ਵੱਡੀਆਂ ਜੰਗਲਾਂ ਦੀਆਂ ਅੱਗਾਂ ਨੇ ਜੰਗਲਾਂ, ਘਾਹ ਦੇ ਮੈਦਾਨਾਂ ਅਤੇ ਚਰਾਗਾਹਾਂ ਨੂੰ ਸਾੜ ਦਿੱਤਾ ਹੈ। ਯੂ.ਐੱਸ. ਫੌਰੈਸਟ ਸਰਵਿਸ ਸੰਕਟ ਮੋਡ ਵਿਚ ਕੰਮ ਕਰ ਰਹੀ ਹੈ ਅਤੇ ਪੂਰੀ ਸਮਰੱਥਾ ਨਾਲ ਫਾਇਰ ਫਾਈਟਰਜ਼ ਨੂੰ ਤਾਇਨਾਤ ਕਰ ਰਹੀ ਹੈ। ਵਿਗਿਆਨੀਆਂ ਦੇ ਅਨੁਸਾਰ ਜਲਵਾਯੂ ਤਬਦੀਲੀ ਨੇ ਯੂ.ਐੱਸ. ਦੇ ਪੱਛਮੀ ਖੇਤਰਾਂ ਨੂੰ ਪਿਛਲੇ 30 ਸਾਲਾਂ ਵਿਚ ਗਰਮ ਅਤੇ ਸੁੱਕਾ ਬਣਾ ਦਿੱਤਾ ਹੈ। ਇਸਦੇ ਇਲਾਵਾ ਗ੍ਰੀਸ ਸਮੇਤ ਯੂਰਪ ਵਿਚ ਵੀ ਦਰਜਨਾਂ ਜੰਗਲੀ ਅੱਗਾਂ ਨੇ ਜੰਗਲਾਂ ਨੂੰ ਤਬਾਹ ਅਤੇ ਘਰਾਂ ਨੂੰ ਸਾੜ ਦਿੱਤਾ ਹੈ।

Share