ਢੀਂਡਸਿਆਂ ਦੀ ਸੰਗਰੂਰ ਰੈਲੀ ਨੇ ਦਿੱਤੇ ਕਈ ਅਹਿਮ ਸੰਕੇਤ

1000
Share

ਬਾਦਲ ਪਰਵਾਰ ਤੋਂ ਬਾਗੀ ਹੋਏ ਢੀਂਡਸਾ ਪਰਵਾਰ ਦੀ ਸੰਗਰੂਰ ਰੈਲੀ ਭਾਵੇਂ ਭਵਿੱਖ ਦੀ ਰਾਜਨੀਤੀ ਸਬੰਧੀ ਕਈ ਸੰਕੇਤ ਦੇ ਗਈ ਹੈ ਅਤੇ ਇਹ ਇੱਕਠ ਪੰਜਾਬ ਦੀ ਰਾਜਨੀਤੀ ਤੇ ਪੰਥਕ ਰਾਜਨੀਤੀ ਬਾਰੇ ਕਈ ਅਹਿਮ ਬਾਤਾਂ ਪਾ ਗਿਆ ਹੈ। ਇਸ ਰੈਲੀ ਦੌਰਾਨ ਜਿਥੇ ਟਕਸਾਲੀ ਅਕਾਲੀਆਂ ਨੇ ਪਰਮਿੰਦਰ ਸਿੰਘ ਢੀਡਸਾ ਨੂੰ ਭਵਿੱਖ ਦਾ ਆਗੂ ਸਵੀਕਾਰ ਕਰ ਲਿਆ ਹੈ, ਉਥੇ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਭਾਵੀ ਪ੍ਰਧਾਨ ਵੱਲ ਇਸ਼ਾਰਾ ਕਰ ਦਿੱਤਾ ਹੈ। ਇੱਕਤਰਤਾ ਵਿੱਚ ਮਾਝੇ ਦੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਦਾ ਦਿਮਾਗ ਦੱਸਦਿਆਂ ਛੋਟੀ ਉਮਰ ਵਿੱਚ ਬਹੁਤ ਸਿਆਣਾ ਅਤੇ ਉਚਾਈਆਂ ਛੂੰਹਣ ਵਾਲਾ ਆਗੂ ਕਹਿ ਕੇ ਇਸ ਗੱਲ ‘ਤੇ ਮੋਹਰ ਲਗਾ ਦਿੱਤੀ ਕਿ ਟਕਸਾਲੀਆਂ ਅਤੇ ਬਾਦਲ ਪਰਵਾਰ ਤੋਂ ਬਾਗੀ ਹੋਏ ਅਕਾਲੀਆਂ ਦੀ ਅਗਵਾਈ ਪਰਮਿੰਦਰ ਸਿੰਘ ਢੀਂਡਸਾ ਹੀ ਕਰੂਗਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਧੜਾ ਪਰਮਿੰਦਰ ਸਿੰਘ ਢੀਂਡਸਾ ਦੇ ਚਿਹਰੇ ਨੂੰ ਸੁਖਬੀਰ ਬਾਦਲ ਦੇ ਮੁਕਾਬਲੇ ਉਭਾਰੇਗਾ ਅਤੇ 2022 ਦੀਆਂ ਵਿਧਾਨ ਸਭਾ ‘ਚ ਮੁੱਖ ਮੰਤਰੀ ਲਈ ਪਰਮਿੰਦਰ ਸਿੰਘ ਦਾ ਚਿਹਰਾ ਹੋ ਸਕਦਾ ਹੈ। ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਨੇ ਜਥੇਦਾਰ ਭਾਈ ਰਣਜੀਤ ਸਿੰਘ, ਰਵੀਇੰਦਰ ਸਿੰਘ ਅਤੇ ਹਰਵਿੰਦਰ ਸਿੰਘ ਫੂਲਕਾ ਦਾ ਜਿਕਰ ਕਰਦਿਆਂ ਕਿਹਾ ਇਹ ਤਿੰਨੋਂ ਧੜੇ ਸਿਰਫ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਲੜਨਗੇ ਅਤੇ ਉਹ ਸ੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਇਹਨਾਂ ਦਾ ਮੱਦਦ ਕਰਨਗੇ। ਸੁਖਦੇਵ ਸਿੰਘ ਢੀਂਡਸਾ ਨੇ ਖੁਦ ਕੋਈ ਚੋਣ ਲੜਨ ਤੋਂ ਇਨਕਾਰ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਾਂਗੇ ਅਤੇ ਸਰਕਾਰ ਵੀ ਬਣਾਵਾਂਗੇ। ਇਸ ਤਰ•ਾਂ ਸੁਖਦੇਵ ਸਿੰਘ ਢੀਂਡਸਾ ਨੇ ਟੇਢੇ ਢੰਗ ਨਾਲ ਇਹ ਸੰਕੇਤ ਦੇ ਦਿੱਤਾ ਹੈ ਕਿ ਸ੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਪ੍ਰਧਾਨਗੀ ਲਈ ਹਰਵਿੰਦਰ ਸਿੰਘ ਫੂਲਕਾ ਦਾ ਚਿਹਰਾ ਹੋ ਸਕਦਾ ਹੇ। ਇਸ ਇੱਕਠ ਵਿੱਚੋਂ ਇਹ ਗੱਲ ਸਪੱਸਟ ਤੌਰ ‘ਤੇ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਸ੍ਰ: ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਵਿਭੂਸਣ ਤੇ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਸ੍ਰੀ ਅਵਾਰਡ ਦੇ ਕੇ ਪੰਜਾਬ ਦੀ ਸਿਆਸਤ ਵਿੱਚ ਉਤਾਰਿਆ ਹੈ। ਭਾਜਪਾ ਦੇ ਕੇਂਦਰੀ ਲੀਡਰਸ਼ਿਪ ਦੀ ਨੀਤੀ ਕਹਿ ਲਈਏ ਜਾਂ ਫਿਰ ਸੰਘ ਦੀ ਰਣਨੀਤੀ ਕਹਿ ਲਈਏ ਕਿ ਜਿਥੇ ਪੰਜਾਬ ਦੀ ਸਿਆਸੀ ਵਾਗਡੋਰ ਢੀਂਡਸਾ ਪਰਵਾਰ ਦੇ ਹਵਾਲੇ ਕੀਤੀ ਜਾ ਸਕਦੀ ਹੈ, ਉਥੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਵੀ ਹਰਵਿੰਦਰ ਸਿੰਘ ਫੂਲਕਾ ਦੇ ਹੱਥ ਦੇਣ ਦੀ ਤਿਆਰੀ ਕੀਤੀ ਹੋ ਚੁੱਕੀ ਹੈ। ਇਸ ਰੈਲੀ ਵਿੱਚ ਅਹਿਮ ਗੱਲ ਤਾਂ ਇਹ ਵੀ ਰਹੀ ਕਿ ਜਿਥੇ ਢੀਂਡਸਾ ਪਰਵਾਰ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਰੈਲੀ ਦੇ ਮੁਕਾਬਲੇ ਪ੍ਰਭਾਵਸ਼ਾਲੀ ਇੱਕਠ ਕਰਕੇ ਆਪਣੀ ਮਜਬੂਤ ਰਾਜਨੀਤਕ ਪਕੜ ਦਾ ਮੁਜਾਹਰਾ ਕੀਤਾ ਹੈ, ਉਥੇ ਇਸ ਇੱਕਠ ਵਿੱਚ ਟਰੈਕਟਰ ਟਰਾਲੀਆਂ ਦੀ ਬਹੁਤਾਤ ਲੋਕਾਂ ਦੇ ਆਪ ਮੁਹਾਰੇ ਆਉਣ ਦੀ ਗਵਾਹੀ ਭਰ ਰਹੀ ਸੀ।


Share