ਢਾਈ ਲੱਖ ਅਮਰੀਕਨਾਂ ਅਤੇ ਹੋਰ ਵਿਦੇਸ਼ੀ ਲੋਕਾਂ ਨੇ ਕੀਵੀਆਂ ਦੀ ਧਰਤੀ ‘ਤੇ ਵਸੇਬਾ ਕਰਨ ਦੀ ਸੰਭਾਵਨਾ ਖੋਜੀ

602
Share

ਕਿੱਥੇ ਰਹੀਏ?: ਨਜ਼ਰਾਂ ਨਿਊਜ਼ੀਲੈਂਡ ‘ਤੇ
-ਵਿਸ਼ਵ ਰੈਂਕ ਦੇ ਵਿਚ ਹੈ 7ਵਾਂ ਸਥਾਨ- ਰਹਿਣ ਲਈ ਹੋ ਰਿਹੈ ਪਹਿਲੀ ਪਸੰਦ
ਔਕਲੈਂਡ, 30 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕਰੋਨਾ ਮੁਕਤ ਦੇਸ਼ ਨਿਊਜ਼ੀਲੈਂਡ ਰਹਿੰਦੇ ਲੋਕ ਇਸ ਵੇਲੇ ਵਿਸ਼ਵ ਨੂੰ ਚੁਫੇਰਿਉਂ ਖਾ ਰਹੀ ਰਹੀ ਕੋਵਿਡ-19 ਦੀ ਬਿਮਾਰੀ  ਤੋਂ ਬੇਖਬਰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਬਤੀਤ ਕਰਨ ਲੱਗੇ ਹਨ।  ਵਿਸ਼ਵ ਧਰਾਤਲ ਉਤੇ ਕੀਵੀਆਂ ਦੀ ਧਰਤੀ 75ਵੇਂ ਸਥਾਨ (ਕੁੱਲ ਖੇਤਰਫਲ 2,68,021 ਵਰਗ ਕਿਲੋਮੀਟਰ) ਉਤੇ ਆਉਂਦੀ ਹੈ ਜੋ ਕਿ ਭਾਰਤ ਦੇ ਉਤਰ ਪ੍ਰਦੇਸ਼ ਤੋਂ ਥੋੜ੍ਹਾ ਜਿਹਾ ਜਿਆਦਾ ਹੈ ਜਾਂ ਫਿਰ ਪੰਜਾਬ ਨੂੰ 5 ਗੁਣਾ ਕਰਕੇ ਇਸਦਾ ਖੇਤਰਫਲ ਮੰਨਿਆ ਜਾ ਸਕਦਾ ਹੈ। ਇਥੇ ਦੀ ਆਬਾਦੀ ਦਾ ਵਿਸ਼ਵ ਦੇ ਵਿਚ 0.06% ਹਿੱਸਾ ਹੈ ਅਤੇ ਇਹ 126ਵੇਂ ਨੰਬਰ ਉਤੇ ਹੈ। ਇਕ ਨਿੱਕਾ ਜਿਹਾ ਦੇਸ਼ ਅਖਵਾਉਣ ਦੇ ਬਾਵਜੂਦ ਦੁਨੀਆ ਦੇ ਤੀਜੇ ਵੱਡੇ ਮੁਲਕ ਅਮਰੀਕਾ ਦੇ ਵਿਚ ਰਹਿੰਦੇ ਲੋਕਾਂ ਦੀ ਨਜ਼ਰਾਂ ਨਿਊਜ਼ੀਲੈਂਡ ਵਸੇਬਾ ਕਰਨ ਵੱਲ ਲੱਗੀਆਂ ਹੋਈਆਂ ਹਨ। ਕਰੋਨਾ ਦੀ ਦਹਿਸ਼ਤ ਕਹਿ ਲਈਏ, ਅਮਰੀਕਾ ਦੀ ਸਿਹਤ ਸਹੂਲਤਾਂ ਦਾ ਫੇਲ ਹੋਣਾ ਜਾਂ ਫਿਰ ਜ਼ਿੰਦਗੀ ਇਕ ਵਾਰ ਮਿਲਦੀ ਹੈ, ਨੂੰ ਜੀਉਣ ਲਈ ਕੋਈ ਸੁਰੱਖਿਅਤ ਸਥਾਨ  ਲੱਭ ਰਹੇ ਲੋਕਾਂ ਲਈ ਇਹ ਦੇਸ਼ ਖਿੱਚ ਦਾ ਕੇਂਦਰ ਬਣ ਰਿਹਾ ਹੈ। ਅੰਕੜੇ ਦਸਦੇ ਹਨ ਕਰੋਨਾ ਮਹਾਂਮਾਰੀ ਦੌਰਾਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਰਾਹੀਂ ਇਥੇ ਆਉਣ ਦੀ ਸੰਭਾਵਨਾ ਅਤੇ ਇਥੇ ਆ ਕੇ ਵਸ ਜਾਣ ਦਾ ਸੰਭਾਵਾਨਦੀ ਖੋਜ ਕਰਨ ਵਾਸਤੇ ਢਾਈ ਲੱਖ ਅਮਰੀਕੀ ਲੋਕਾਂ ਨੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਪੜ੍ਹੀਆਂ ਹਨ।  ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਲੱਖਾਂ ਹੋਰ ਲੋਕਾਂ ਨੇ ਵੀ ਨਿਊਜ਼ੀਲੈਂਡ ਨੂੰ ਜਾਨਣ ਲਈ ਵੈਬਸਾਈਟਾਂ ਉਤੇ ਨਜ਼ਰ ਮਾਰੀ ਹੈ। ਲੋਕਾਂ ਨੇ ਇਥੇ ਆ ਕੇ ਵਸਣ ਵਾਸਤੇ ਅਰਜ਼ੀਆਂ ਰਾਹੀਂ ਪੁੱਛ-ਗਿਛ ਕਰਨੀ ਸ਼ੁਰੂ ਕੀਤੀ। ਪਿਛਲੇ ਸਾਲ ਦੇ ਮੁਕਾਬਲੇ ਅਮਰੀਕੀ ਲੋਕਾਂ ਨੇ 160% ਜਿਆਦਾ ਵਾਰੀ ਨਿਊਜ਼ੀਲੈਂਡ ਆਉਣ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਇੰਟਰਨੈਟ ਨੂੰ ਹਲੂਣਾ ਦਿੱਤਾ। ਹਿਸਾਬ ਕਿਤਾਬ ਕੀਤਾ ਜਾਵੇ ਤਾਂ ਹਰ 30 ਸੈਕਿੰਡ ਬਾਅਦ ਇਕ ਅਮਰੀਕੀ ਇਥੇ ਆਉਣ ਲਈ ਜਾਣਕਾਰੀ ਹਾਸਿਲ ਕਰਦਾ ਅਤੇ ਤਾਲਮੇਲ ਬਣਾਉਂਦਾ ਨਜ਼ਰ ਆ ਰਿਹਾ ਹੈ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਸਿਰਫ 23 ਕਰੋਨਾ ਦੇ ਉਹ ਐਕਟਿਵ ਕੇਸ ਹਨ ਜੋ ਕਿ ਆਪਣੀ ਵਤਨ ਵਾਪਿਸੀ ਕਰ ਰਹੇ ਹਨ। ਇਹ ਸਾਰੇ ਓਨੀ ਦੇਰ ਤੱਕ ਏਕਾਂਤਵਾਸ ਰਹਿਣਗੇ ਜਿੰਨੀ ਦੇਰ ਤੱਕ ਉਨ੍ਹਾਂ ਦਾ ਕਰੋਨਾ ਟੈਸਟ ਨੈਗੇਟਿਵ ਨਹੀਂ ਆ ਜਾਂਦਾ। ਇਥੇ ਕੋਈ ਵੀ ਹਸਪਤਾਲ ਦੇ ਵਿਚ ਨਹੀਂ ਹੈ ਅਤੇ ਸਮਾਜ ਦੇ ਵਿਚ ਇਹ ਬਿਮਾਰੀ ਫੈਲਣ ਤੋਂ ਬਚੀ ਹੋਈ ਹੈ। ਦੇਸ਼ ਦੀ ਆਬਾਦੀ ਇਸ ਵੇਲੇ 48 ਲੱਖ 22 ਹਜ਼ਾਰ ਦੇ ਕਰੀਬ ਹੈ ਅਤੇ ਸਲਾਨਾ ਜਨ ਸੰਖਿਆ ਵਧਣ ਦੀ ਦਰ 39,000 ਦੇ ਕਰੀਬ ਹੈ।  ਵਿਸ਼ਵ ਦੇ ਵਿਚ ਨਿਊਜ਼ੀਲੈਂਡ ਇਸ ਵੇਲੇ ਰਹਿਣ ਲਈ 7ਵਾਂ ਬਿਹਤਰ ਦੇਸ਼ ਹੈ ਪਰ ਲੋਕਾਂ ਦੇ ਰਹਿਣ ਲਈ ਪਹਿਲੀ ਪਸੰਦ ਬਣਿਆ ਹੋਇਆ ਹੈ। ਵਧੀਆ ਜ਼ਿੰਦਗੀ ਬਤੀਤ ਕਰਨ ਦੇ ਵਿਚ ਅਮਰੀਕਾ 18ਵੇਂ ਨੰਬਰ ਉਤੇ ਹੈ ਜਦ ਕਿ ਭਾਰਤ 101ਵੇਂ ਨੰਬਰ ਉਤੇ ਹੋਣ ਦੇ ਬਾਵਜੂਦ ਪੂਰੀ ਦੁਨੀਆ ਦੇ ਵਿਚ ਚਰਚਾ ਵਿਚ ਬਣਿਆ ਰਹਿੰਦਾ ਹੈ।


Share