ਢਾਈ ਮਹੀਨੇ ਦੇ ਵਕਫ਼ੇ ਮਗਰੋਂ ਅਫਗਾਨਿਸਤਾਨ ਨਾਲ ਵਪਾਰ ਮੁੜ ਸ਼ੁਰੂ ਹੋਣ ‘ਤੇ ਭਾਰਤੀ ਵਪਾਰੀ ਖੁਸ਼

853
ਅਟਾਰੀ-ਵਾਹਗਾ ਸਾਂਝੀ ਚੈੱਕ ਪੋਸਟ 'ਤੇ ਦਾਖ਼ਲ ਹੁੰਦੇ ਟਰੱਕ।

ਅੰਮ੍ਰਿਤਸਰ, 31 ਮਈ (ਪੰਜਾਬ ਮੇਲ)- ਲਗਭਗ ਢਾਈ ਮਹੀਨੇ ਦੇ ਵਕਫ਼ੇ ਮਗਰੋਂ ਅਫਗਾਨਿਸਤਾਨ ਨਾਲ ਵਪਾਰ ਮੁੜ ਸ਼ੁਰੂ ਹੋਣ ਤੋਂ ਭਾਰਤੀ ਵਪਾਰੀ ਖੁਸ਼ ਹਨ। ਇਹ ਵਪਾਰ ਕਰੋਨਾ ਮਹਾਮਾਰੀ ਦੌਰਾਨ ਬੰਦ ਕਰ ਦਿੱਤਾ ਗਿਆ ਸੀ। ਬੀਤੇ ਦਿਨੀਂ ਅਫਗਾਨਿਸਤਾਨ ਤੋਂ ਇਕ ਟਰੱਕ ਮੁਲੱਠੀ ਦਾ ਇਥੇ ਪੁੱਜਾ ਸੀ। ਕਨਫੈਡਰੇਸ਼ਨ ਆਫ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਡਾਇਰੈਕਟਰ ਅਸ਼ੋਕ ਸੇਠੀ ਨੇ ਅਫਗਾਨਿਸਤਾਨ ਨਾਲ ਵਪਾਰ ਬਹਾਲ ਹੋਣ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਤਾਲਾਬੰਦੀ ਖ਼ਤਮ ਹੋਣ ਮਗਰੋਂ ਵਪਾਰ ਪਹਿਲਾਂ ਵਾਂਗ ਬਹਾਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੁੱਕੇ ਮੇਵੇ, ਸੇਬ ਅਤੇ ਹੋਰ ਕਈ ਫਲ ਅਫਗਾਨਿਸਤਾਨ ਤੋਂ ਮੰਗਵਾਏ ਜਾਂਦੇ ਹਨ। ‘ਜਿਵੇਂ-ਜਿਵੇਂ ਮਾਰਕੀਟ ਦੀ ਸਥਿਤੀ ਠੀਕ ਹੋਵੇਗੀ, ਵਪਾਰ ਮੁੜ ਗਤੀ ਫੜ ਲਵੇਗਾ।’ ਉਨ੍ਹਾਂ ਆਖਿਆ ਕਿ ਸਰਕਾਰ ਨੂੰ ਪਾਕਿਸਤਾਨ ਨਾਲ ਵੀ ਦੁਵੱਲਾ ਵਪਾਰ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਇਸ ਨਾਲ ਦੋਵੇਂ ਪਾਸਿਆਂ ਦੇ ਵਪਾਰੀਆਂ ਤੋਂ ਇਲਾਵਾ ਸਰਹੱਦ ‘ਤੇ ਕੁਲੀਆਂ ਅਤੇ ਟਰਾਂਸਪੋਰਟਰਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਕਲੀਅਰਿੰਗ ਏਜੰਟ ਜਸਪਾਲ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਲਗਭਗ ਛੇ ਲੱਖ ਰੁਪਏ ਦੀ ਮੁਲੱਠੀ ਇਥੇ ਪੁੱਜੀ ਹੈ। ਅਗਲੇ ਦਿਨ ਮੁਲੱਠੀ ਅਤੇ ਕੁਝ ਡਰਾਈ ਫਰੂਟ ਦੀਆਂ ਆਈਟਮਾਂ ਵੀ ਆਈਆਂ ਹਨ। ਇਸ ਦੌਰਾਨ ਪਾਕਿਸਤਾਨ ਨੇ ਵੀ ਆਪਣਾ ਲਾਂਘਾ ਵਰਤਣ ਦੀ ਆਗਿਆ ਦਿੱਤੀ ਸੀ। ਵੇਰਵਿਆਂ ਮੁਤਾਬਕ ਅਫਗਾਨਿਸਤਾਨ ਨਾਲ ਭਾਰਤ ਦਾ ਸਾਲਾਨਾ ਵਪਾਰ ਲਗਭਗ 2200 ਕਰੋੜ ਰੁਪਏ ਦਾ ਹੈ, ਜੋ ਹਰ ਵਰ੍ਹੇ ਪੰਜ ਤੋਂ ਦਸ ਫੀਸਦ ਤਕ ਵਧਦਾ ਰਿਹਾ ਹੈ।