ਡੋਨਾਲਡ ਟਰੰਪ 2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਹੋਏ ਨਾਮਜ਼ਦ

496
Share

ਵਾਸ਼ਿੰਗਟਨ, 10 ਸਤੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ 2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਜ਼ਰਾਈਲ ਅਤੇ ਯੂ. ਏ. ਈ.ਵਿਚ ਇਤਿਹਾਸਿਕ ਸ਼ਾਂਤੀ ਵਾਰਤਾ ਕਰਵਾਉਣ ਲਈ ਡੋਨਲਡ ਟਰੰਪ ਨੂੰ ਨਾਮਜ਼ਦ ਕੀਤਾ ਗਿਆ ਹੈ। ਅਮਰੀਕੀ ਮੀਡੀਆ ਦੇ ਮੁਤਾਬਕ, ਨਾਰਵੇ ਸੰਸਦ ਦੇ ਕ੍ਰਿਸ਼ਚੀਅਨ ਤਾਇਬ੍ਰਿੰਗ ਵੱਲੋਂ ਟਰੰਪ ਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਲਗਾਤਾਰ ਡੋਨਲਡ ਟਰੰਪ ਦੀ ਤਾਰੀਫ ਕੀਤੀ ਗਈ ਸੀ। ਦਾਅਵਾ ਕੀਤਾ ਗਿਆ ਕਿ ਟਰੰਪ ਨੇ ਦੁਨੀਆਂ ਵਿਚ ਸ਼ਾਂਤੀ ਸਥਾਪਤ ਕਰਨ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ।
ਫਾਕਸ ਨਿਊਜ਼ ਮੁਤਾਬਕ ਟਾਇਬ੍ਰਿੰਗ ਨੇ ਕਿਹਾ ਕਿ ਟਰੰਪ ਨੇ ਦੋ ਦੇਸ਼ਾਂ ਵਿਚ ਚੱਲ ਰਹੀ ਲੰਬੀ ਦੁਸ਼ਮਣੀ ਨੂੰ ਖਤਮ ਕਰਵਾਇਆ ਹੈ ਜੋ ਕਿਸੇ ਵੀ ਤਰ੍ਹਾਂ ਦੇ ਸ਼ਾਂਤੀ ਪੁਰਸਕਾਰ ਲਈ ਕਾਫੀ ਹੈ। ਕ੍ਰਿਸ਼ਚੀਅਨ ਤਾਇਬ੍ਰਿੰਗ ਨਾਰਵੇ ਦੀ ਸੰਸਦ ਵਿਚ ਚਾਰ ਵਾਰ ਤੋਂ ਮੈਂਬਰ ਹਨ ਅਤੇ ਨਾਟੋ ਦੀ ਸੰਸਦੀ ਅਸੈਂਬਲੀ ਦਾ ਵੀ ਹਿੱਸਾ ਹਨ। ਇੰਨਾ ਹੀ ਨਹੀਂ ਤਾਇਬ੍ਰਿੰਗ ਨੇ ਦਾਅਵਾ ਕੀਤਾ ਕਿ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚ ਜੰਮੂ-ਕਸ਼ਮੀਰ ਸਬੰਧੀ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿਚ ਦੁਸ਼ਮਣੀ ਖਤਮ ਕਰਨ ਅਤੇ ਉੱਤਰੀ ਕੋਰੀਆ ਦੇ ਵੱਲੋਂ ਪਰਮਾਣੂ ਹਥਿਆਰਾਂ ਦੇ ਮਾਮਲੇ ਨੂੰ ਸੁਲਝਾਉਣ ਦਾ ਕੰਮ ਕੀਤਾ ਹੈ।
ਗੌਰਤਲਬ ਹੈ ਕਿ ਇਸੇ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਇਸ ਨਾਮਜ਼ਦਗੀ ਨਾਲ ਉਨ੍ਹਾਂ ਨੂੰ ਚੋਣਾਂ ਵਿਚ ਫਾਇਦਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਨੋਬਲ ਦੇ ਸ਼ਾਂਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਭਾਵੇਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੋਵੇ, 2018 ਵਿਚ ਵੀ ਕਿਮ ਜੋਂਗ ਉਨ ਨਾਲ ਸੰਮੇਲਨ ਕਰਨ ‘ਤੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਭਾਵੇਂਕਿ ਉਦੋਂ ਟਰੰਪ ਨੂੰ ਇਹ ਸਨਮਾਨ ਨਹੀਂ ਮਿਲਿਆ ਸੀ।


Share