ਡੋਨਾਲਡ ਟਰੰਪ ਵੱਲੋਂ 2024 ’ਚ ਰਾਸ਼ਟਰਪਤੀ ਚੋਣ ਲੜਨ ਦੇ ਸੰਕੇਤ

76
Share

ਵਾਸ਼ਿੰਗਟਨ, 9 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਹਾਰਨ ਤੋਂ ਬਾਅਦ ਪਹਿਲੀ ਵਾਰ ਮਿਸ਼ਨ 2024 ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਸੀਂ ਨਾਰਥ ਕੈਰੋਲੀਨਾ ਚੋਣ ਜਿੱਤਣ ਜਾ ਰਹੇ ਹਾਂ। ਉਨ੍ਹਾਂ ਮੁੜ 2024 ਵਿਚ ਰਾਸ਼ਟਰਪਤੀ ਚੋਣ ਲੜਨ ਦੇ ਸੰਕੇਤ ਦਿੰਦਿਆਂ ਕਿਹਾ ਕਿ ਰਿਪਬਲਿਕਨ ਪਾਰਟੀ ਇਕ ਵਾਰ ਮੁੜ 2024 ਵਿਚ ਸੱਤਾ ’ਚ ਹੋਵੇਗੀ।
ਨਾਰਥ ਕੈਰੋਲੀਨਾ ਰਿਪਬਲਿਕਨ ਪਾਰਟੀ ਦੇ 2021 ਦੀ ਕਨਵੈਂਸ਼ਨ ਵਿਚ ਬੋਲਦਿਆਂ ਟਰੰਪ ਨੇ ਕਿਹਾ ਕਿ 2024 ਦੀ ਚੋਣ ਲਈ ਅਸੀਂ ਅਜਿਹੀ ਜ਼ਮੀਨ ਤਿਆਰ ਕਰਾਂਗੇ, ਜਿਸ ਨਾਲ 2022 ਵਿਚ ਨਾਰਥ ਕੈਰੋਲੀਨਾ ’ਤੇ ਇਕ ਵਾਰ ਮੁੜ ਰਿਬਲਿਕਨ ਪਾਰਟੀ ਦੀ ਜਿੱਤ ਦਰਜ ਹੋ ਸਕੇ। ਉਨ੍ਹਾਂ ਕਿਹਾ ਕਿ ਰਿਪਬਲਿਕਨ ਕੋਲ ‘ਜ਼ਬਰਦਸਤ’ 2022 ਹੋਵੇਗਾ ਅਤੇ ਦੇਸ਼ ਦੀ ਹੋਂਦ ਹਰ ਪੱਧਰ ’ਤੇ ਰਿਪਬਲਿਕਨ ਦੇ ਚੁਣੇ ਜਾਣ ’ਤੇ ਨਿਰਭਰ ਕਰਦੀ ਹੈ। ਟਰੰਪ ਨੇ ਰਿਪਬਲਿਕਨ ਨੇਤਾਵਾਂ ਨੂੰ ਅਗਲੇ ਸਾਲ ਦੀਆਂ ਮੱਧਕਾਲੀ ਚੋਣਾਂ ਵਿਚ ਉਨ੍ਹਾਂ ਪ੍ਰਤੀ ਵਫਾਦਾਰ ਰਹੇ ਉਮੀਦਵਾਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਡੋਨਾਲਡ ਟਰੰਪ ਨੇ ਕਿਹਾ ਕਿ ਜੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਉਨ੍ਹਾਂ ਨੂੰ ਇਸ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਪਸ ਆਉਣ ਦੀ ਇਜਾਜ਼ਤ ਦੇਣਗੇ ਵੀ ਤਾਂ ਉਨ੍ਹਾਂ ਨੂੰ ਅਸਲ ’ਚ ਇਸ ਨੂੰ ਲੈ ਕੇ ਕੋਈ ਦਿਲਚਸਪੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਉਹ ਰਾਸ਼ਟਰਪਤੀ ਅਹੁਦੇ ਤੋਂ ਹਟੇ ਹਨ, ਜ਼ੁਕਰਬਰਗ ਦਾ ਰਵੱਈਆ ਉਨ੍ਹਾਂ ਪ੍ਰਤੀ ਬਦਲ ਗਿਆ। ਡੋਨਾਲਡ ਟਰੰਪ ਨੇ ਕੋਵਿਡ-19 ਨਾਲ ਹੋਏ ਨੁਕਸਾਨ ’ਤੇ ਅਮਰੀਕਾ ਤੇ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਉਹ ਚੀਨ ਤੋਂ ਮੁਆਵਜ਼ੇ ਦੀ ਮੰਗ ਕਰਨ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਮਰੀਕਾ ਤੇ ਦੁਨੀਆਂ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਮੁਆਵਜ਼ਾ ਤੇ ਜਵਾਬਦੇਹੀ ਯਕੀਨੀ ਬਣਾਏ। ਸਾਨੂੰ ਸਾਰਿਆਂ ਨੂੰ ਇਕ ਸੁਰ ’ਚ ਐਲਾਨ ਕਰਨਾ ਚਾਹੀਦਾ ਹੈ ਕਿ ਚੀਨ ਨੂੰ ਭੁਗਤਾਨ ਕਰਨਾ ਪਵੇਗਾ।


Share