ਡੈਲਸ, 10 ਸਤੰਬਰ (ਪੰਜਾਬ ਮੇਲ)-ਡੈਲਸ ਪੁਲਿਸ ਬਲ ਦੀ ਪਹਿਲੀ ਗੈਰ-ਗੋਰੀ ਪੁਲਿਸ ਮੁਖੀ ਯੂ ਰਿਨੀ ਹਾਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜੋ 10 ਨਵੰਬਰ ਤੋਂ ਪ੍ਰਭਾਵੀ ਹੋਵੇਗਾ। ਰਿਨੀ ਹਾਲ ਨੇ ਅਸਤੀਫੇ ਵਿਚ ਕਿਸੇ ਕਾਰਨ ਦਾ ਜ਼ਿਕਰ ਨਹੀਂ ਕੀਤਾ ਹੈ। ਮਾਮਲੇ ‘ਤੇ ਉਨ੍ਹਾਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ ਹੈ। ਗੈਰ-ਗੋਰੇ ਵਿਅਕਤੀ ਜਾਰਜ ਫਲਾਈਡ ਦੇ ਕਤਲ ਦੇ ਬਾਅਦ ਤੋਂ ਦੇਸ਼ ਭਰ ਵਿਚ ਜਾਰੀ ਪ੍ਰਦਰਸ਼ਨ ਦੇ ਵਿਚ ਕਈ ਵੱਡੇ ਸ਼ਹਿਰਾਂ ਦੇ ਪੁਲਿਸ ਮੁਖੀ ਅਸਤੀਫਾ ਦੇ ਚੁੱਕੇ ਹਨ। ਹੁਣ ਹਾਲ ਦਾ ਨਾਂ ਵੀ ਇਸ ਸੂਚੀ ਵਿਚ ਜੁੜ ਗਿਆ ਹੈ।
ਹਿਊਸਟਨ ਵਸਨੀਕ 46 ਸਾਲਾ ਫਲਾਈਡ ਦੀ ਇਕ ਗੋਰੇ ਪੁਲਿਸ ਅਧਿਕਾਰੀ ਵੱਲੋਂ ਗਰਦਨ ਦਬਾਏ ਜਾਣ ਨਾਲ ਸਾਹ ਘੁੱਟ ਜਾਣ ਕਾਰਨ ਇਸ ਸਾਲ ਮਈ ਵਿਚ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਪੂਰੇ ਅਮਰੀਕਾ ਵਿਚ ਵਿਆਪਕ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਮੇਅਰ ਏਰਿਕ ਜਾਨਸਨ ਨੇ ਕਿਹਾ ਕਿ ਉਨ੍ਹਾਂ ਦੀ ਹਾਲ ਨਾਲ ਇਸ ਸਬੰਧ ਵਿਚ ਕੋਈ ਗੱਲਬਾਤ ਨਹੀਂ ਹੋਈ ਹੈ। ਪਰ ਉਹ ਉਨ੍ਹਾਂ ਦੇ ਅਸਤੀਫੇ ਤੋਂ ਕਾਫੀ ਹੈਰਾਨ ਹਨ। ਗੌਰਤਲਬ ਹੈ ਕਿ ਫਲਾਈਡ ਦੀ ਮੌਤ ਦੇ ਬਾਅਦ ਤੋਂ ਸਿਆਟਲ, ਅਟਲਾਂਟਾ, ਪੋਰਟਲੈਂਡ, ਓਰੇਗਨ, ਰਿਚਮੰਡ ਅਤੇ ਵਰਜੀਨੀਆ ਦੇ ਸੀਨੀਅਰ ਪੁਲਿਸ ਅਧਿਕਾਰੀ ਕਈ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਚੁੱਕੇ ਹਨ।