ਡੈਲਸ ’ਚ ਭਾਰਤੀ-ਅਮਰੀਕੀ 24.8 ਮਿਲੀਅਨ ਡਾਲਰ ਦੀ ਧੋਖਾਧੜੀ ਦਾ ਦੋਸ਼ੀ ਕਰਾਰ

144
Share

ਸਾਨ ਫਰਾਂਸਿਸਕੋ, 27 ਮਾਰਚ (ਪੰਜਾਬ ਮੇਲ)- ਡੈਲਸ ਦੇ ਸ਼ਹਿਰ ਕੋਪੇਲ ਦੇ ਇਕ ਭਾਰਤੀ-ਅਮਰੀਕੀ ਕਾਰੋਬਾਰੀ ਨੂੰ ਸਰਕਾਰੀ ਕੋਵਿਡ-19 ਰਾਹਤ ਸਕੀਮ ’ਚ 24.8 ਮਿਲੀਅਨ ਡਾਲਰ ਦੀ ਧੋਖਾਧੜੀ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, 55 ਸਾਲਾ ਦਿਨੇਸ਼ ਸ਼ਾਹ ਨੇ ਮੰਨਿਆ ਕਿ ਉਸਨੇ 15 ਜਾਅਲੀ ਅਰਜ਼ੀਆਂ ਦਾਖਲ ਕੀਤੀਆਂ ਜਿਨ੍ਹਾਂ ’ਚ ਅੱਠ ਵੱਖ-ਵੱਖ ਕਰਜ਼ਾਦਾਤਾਵਾਂ ਲਈ ਪੀ.ਪੀ.ਪੀ. (ਪੇਬੈਕ ਪ੍ਰੋਟੈਕਸ਼ਨ ਪ੍ਰੋਗਰਾਮ) ਕਰਜ਼ਾ ਸਕੀਮ ਅਧੀਨ ਤਕਰੀਬਨ 24.8 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਸੀ। ਸ਼ਾਹ ਨੇ ਇਨ੍ਹਾਂ ਅਰਜ਼ੀਆਂ ’ਚ ਦਾਅਵਾ ਕੀਤਾ ਸੀ ਕਿ ਇਨ੍ਹਾਂ ਕਾਰੋਬਾਰਾਂ ’ਚ ਅਨੇਕਾਂ ਕਰਮਚਾਰੀ ਹਨ ਅਤੇ ਸੈਂਕੜੇ ਹਜ਼ਾਰਾਂ ਡਾਲਰ ਤਨਖਾਹ ਖਰਚਿਆਂ ’ਚ ਚਾਹੀਦੇ ਹਨ, ਜਦੋਂਕਿ ਅਸਲ ’ਚ ਕਿਸੇ ਵੀ ਕਾਰੋਬਾਰ ’ਚ ਕਰਮਚਾਰੀ ਨਹੀਂ ਸੀ ਜਾਂ ਤਨਖਾਹ ਦਾ ਭੁਗਤਾਨ ਸਬੰਧੀ ਪੀ.ਪੀ.ਪੀ. ਦੀਆਂ ਅਰਜ਼ੀਆਂ ’ਚ ਕੀਤਾ ਗਿਆ ਦਾਅਵਾ ਰਕਮਾਂ ਦੇ ਅਨੁਕੂਲ ਨਹੀਂ ਸੀ। ਸ਼ਾਹ ਨੇ ਅੱਗੇ ਮੰਨਿਆ ਕਿ ਉਸਨੇ ਆਪਣੀਆਂ ਅਰਜ਼ੀਆਂ ਦੇ ਨਾਲ ਧੋਖਾਧੜੀ ਵਾਲੇ ਦਸਤਾਵੇਜ਼ ਜਮ੍ਹਾ ਕੀਤੇ, ਜਿਸ ’ਚ ਮਨਘੜਤ ਕਾਰੋਬਾਰਾਂ ਲਈ ਮਨਘੜਤ ਫੈੱਡਰਲ ਟੈਕਸ ਫਾਈਲਿੰਗਜ਼ ਅਤੇ ਬੈਂਕ ਸਟੇਟਮੈਂਟਾਂ ਸ਼ਾਮਿਲ ਹਨ ਅਤੇ ਹੋਰ ਵਿਅਕਤੀਆਂ ਨੂੰ ਇਨ੍ਹਾਂ ਕਾਰੋਬਾਰਾਂ ਦੇ ਅਧਿਕਾਰਤ ਨੁਮਾਇੰਦੇ ਵਜੋਂ ਗਲਤ ਤੌਰ ’ਤੇ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਦੀ ਪਛਾਣ ਕਰਨ ਵਾਲੀ ਜਾਣਕਾਰੀ ਦੀ ਵਰਤੋਂ ਕਰਨ ਦੇ ਅਧਿਕਾਰ ਨਹੀਂ ਹਨ।

Share