ਡੈਮੋਟਕ੍ਰੈਟਿਕ ਸੈਨੇਟ ਮੈਂਬਰਾਂ ਨੇ ਵਧ ਰਹੀਆਂ ਤੇਲ ਦੀਆਂ ਕੀਮਤਾਂ ਨਾਲ ਨਜਿੱਠਣ ਲਈ ਰਾਖਵੇਂ ਭੰਡਾਰ ਦੀ ਵਰਤੋਂ ਕਰਨ ਲਈ ਕਿਹਾ

316
ਤੇਲ ਉਤਪਾਦਨ ਦਾ ਇਕ ਦਿ੍ਰਸ਼
Share

* ਤੇਲ ਦੀ ਬਰਾਮਦ ਰੋਕਣ ਲਈ ਕਦਮ ਚੁੱਕਣ ਉਪਰ ਦਿੱਤਾ ਜੋਰ
ਸੈਕਰਾਮੈਂਟੋ, 10 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਿਸ਼ਵ ਦੇ ਕਈ ਹੋਰ ਦੇਸ਼ਾਂ ਜਿਨ੍ਹਾਂ ’ਚ ਭਾਰਤ ਵੀ ਸ਼ਾਮਲ ਹੈ, ਵਾਂਗ ਅਮਰੀਕਾ ਵਿਚ ਵਧ ਰਹੀਆਂ ਤੇਲ ਦੀਆਂ ਕੀਮਤਾਂ ਨਾਲ ਨਜਿੱਠਣ ਲਈ ਸੈਨੇਟ ਦੇ ਦਰਜਨ ਦੇ ਕਰੀਬ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਹੰਗਾਮੀ ਹਾਲਤ ’ਚ ਵਰਤੋਂ ਲਈ ਭੰਡਾਰ ਕੀਤੇ ਤੇਲ ਦੀ ਵਰਤੋਂ ਕੀਤੀ ਜਾਵੇ ਤੇ ਤੇਲ ਦੀ ਬਰਾਮਦ ਰੋਕਣ ਲਈ ਪ੍ਰਭਾਵੀ ਕਦਮ ਚੁੱਕੇ ਜਾਣ। ਰਾਸ਼ਟਰਪਤੀ ਨੂੰ ਲਿਖੇ ਇਕ ਪੱਤਰ ’ਚ ਸੈਨੇਟ ਮੈਂਬਰ ਐਲਿਜ਼ਾਬਥ ਵਾਰੇਨ, ਸ਼ੈਰੋਡ ਬਰਾਉਨ, ਜੈਕ ਰੀਡ ਸਮੇਤ ਹੋਰ ਮੈਂਬਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਤੇਲ ਦੀਆਂ ਕੀਮਤਾਂ ’ਚ ਪਿਛਲੇ 7 ਸਾਲਾਂ ਦੌਰਾਨ ਹੋਏ ਵਾਧੇ ਨੇ ਪਰਿਵਾਰਾਂ ਤੇ ਛੋਟੋ ਕਾਰਬਾਰੀਆਂ ਉਪਰ ਅਣਉਚਿੱਤ ਬੋਝ ਪਾਇਆ ਹੈ, ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ। ਇਸ ਲਈ ਅਸੀਂ ਤੁਹਾਨੂੰ ਉਹ ਸਾਰੇ ਸਾਧਨ ਵਰਤਣ ਦੀ ਬੇਨਤੀ ਕਰਦੇ ਹਾਂ ਜਿਨ੍ਹਾਂ ਨਾਲ ਤੇਲ ਦੀਆਂ ਕੀਮਤਾਂ ਘੱਟ ਸਕਦੀਆਂ ਹਨ। ਇਨ੍ਹਾਂ ਸਾਧਨਾਂ ਵਿਚ ਰਣਨੀਤਿਕ ਤੇਲ ਭੰਡਾਰ ਨੂੰ ਮਾਰਕਿਟ ਵਿਚ ਜਾਰੀ ਕਰਨਾ ਤੇ ਕੱਚੇ ਤੇਲ ਦੀ ਬਰਾਮਦ ਉਪਰ ਰੋਕ ਲਾਉਣਾ ਵੀ ਸ਼ਾਮਲ ਹੈ। ਸੈਨੇਟ ਮੈਂਬਰਾਂ ਨੇ ਲਿਖੇ ਪੱਤਰ ਵਿਚ ਹੋਰ ਕਿਹਾ ਹੈ ਕਿ ਉਹ ਬਾਇਡਨ ਪ੍ਰਸ਼ਾਸਨ ਦੀ ਇਸ ਚਿੰਤਾ ਨਾਲ ਸਹਿਮਤ ਹਨ ਕਿ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ‘ਉਪੇਕ’ ਤੇ ਹੋਰਨਾਂ ਦੁਆਰਾ ਤੇਲ ਦੀ ਸਪਲਾਈ ਰੋਕ ਕੇ ਫਾਇਦਾ ਉਠਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡੇ ਘਰੇਲੂ ਤੇਲ ਪਟਾਧਾਰੀ ਤੇ ਉਤਪਾਦਕ ਤੇਲ ਦੀ ਬਰਾਮਦ ਜਾਰੀ ਰੱਖਣਾ ਚਾਹੁੰਦੇ ਹਨ ਪਰੰਤੂ ਉਪੇਕ ਤੇ ਘਰੇਲੂ ਉਤਪਾਦਕਾਂ ਦੇ ਇਸ ਰਵੱਈਏ ਨੇ ਪਹਿਲਾਂ ਹੀ ਅਸਮਾਨੀ ਚੜ ਚੁੱਕੀਆਂ ਕੀਮਤਾਂ ਵਿਚ ਹੋਰ ਵਾਧੇ ਦੀ ਸੰਭਾਵਨਾ ਪੈਦਾ ਕਰ ਦਿੱਤੀ ਹੈ। ਪੱਤਰ ਵਿਚ ਲਿਖਿਆ ਹੈ ਕਿ ਤੇਲ ਦੀ ਬਰਾਮਦ ਜਾਰੀ ਰੱਖਣ ਤੇ ਤੇਲ ਸਪਲਾਈ ਬਾਰੇ ਵਿਦੇਸ਼ੀ ਸਾਂਠ ਗਾਂਠ ਕਾਰਨ ਸਾਡੇ ਬਹੁਤ ਸਾਰੇ ਰਾਜਾਂ ਉਪਰ ਬੇਹੱਦ ਮਾੜਾ ਪ੍ਰਭਾਵ ਪੈ ਸਕਦਾ ਹੈ।
ਦੂਸਰੇ ਪਾਸੇ ਸਨਅਤ ਨਾਲ ਸਬੰਧਤ ਮਾਹਿਰਾਂ ਨੇ ਤੇਲ ਬਰਾਮਦ ਉਪਰ ਰੋਕ ਲਾਉਣ ਦਾ ਵਿਰੋਧ ਕੀਤਾ ਹੈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਤੇਲ ਬਰਾਮਦ ਉਪਰ ਪਾਬੰਦੀ ਲਾਉਣ ਨਾਲ ਉਲਟ ਪ੍ਰਤੀਕਿ੍ਰਆ ਹੋ ਸਕਦੀ ਹੈ, ਜਿਸ ਨਾਲ ਖਪਤਕਾਰ ਪ੍ਰਭਾਵਿਤ ਹੋਣਗੇ। ਇਥੇ ਜ਼ਿਕਰਯੋਗ ਹੈ ਕਿ ਇਸ ਸਮੇਂ ਅਮਰੀਕਾ ਵਿਚ ਤੇਲ ਦੀ ਔਸਤ ਕੀਮਤ 3.42 ਡਾਲਰ ਹੈ, ਜੋ ਇਕ ਸਾਲ ਪਹਿਲਾਂ 2.11 ਡਾਲਰ ਪ੍ਰਤੀ ਗੈਲਨ ਸੀ।¿;¿;

Share