ਡੈਮੋਕ੍ਰੇਟਿਕ ਨੈਸ਼ਨਲ ਕੰਨਵੈਨਸ਼ਨ ‘ਚ ਜੋਅ ਬਾਇਡਨ ਨੂੰ ਮਿਲੀ ਪਾਰਟੀ ਦੀ ਹਮਾਇਤ

618
Share

ਵਾਸ਼ਿੰਗਟਨ ਡੀ.ਸੀ., 19 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟ ਪਾਰਟੀ ਵੱਲੋਂ ਅਧਿਕਾਰਤ ਤੌਰ ‘ਤੇ ਜੋਅ ਬਾਇਡਨ ਨੂੰ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਆਪਣਾ ਉਮੀਦਵਾਰ ਨਾਮਜ਼ਦ ਕਰ ਦਿੱਤਾ ਗਿਆ ਹੈ। ਇਸ ਵਾਰ ਕੋਰੋਨਾਵਾਇਰਸ ਕਰਕੇ ਡੈਮੋਕ੍ਰੇਟਕ ਪਾਰਟੀ ਦੀ ਕੰਨਵੈਨਸ਼ਨ ਵਰਚਿਊਲ ਹੋ ਰਹੀ ਹੈ। ਵੱਖ-ਵੱਖ ਬੁਲਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਜਿੱਥੇ ਜੋਅ ਬਾਇਡਨ ਨੂੰ ਟਰੰਪ ਦੇ ਖਿਲਾਫ ਇਕ ਮਜ਼ਬੂਤ ਦਾਅਵੇਦਾਰ ਮੰਨ ਰਹੇ ਹਨ, ਉਥੇ ਟਰੰਪ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਵੀ ਭੰਡਿਆ ਜਾ ਰਿਹਾ ਹੈ। ਇਸ ਕਾਨਫਰੰਸ ਨੂੰ ਡੈਮੋਕ੍ਰੇਟ ਪਾਰਟੀ ਦੇ ਚੋਟੀ ਦੇ ਬੁਲਾਰੇ ਸੰਬੋਧਨ ਕਰ ਰਹੇ ਹਨ, ਜਿਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ, ਬਰਾਕ ਓਬਾਮਾ ਤੋਂ ਇਲਾਵਾ, ਸਿੰਡੀ ਮਕੇਨ, ਕੋਲੀਨ ਪਾਵੇਲ, ਬਰਨੀ ਸੈਂਡਰਸ, ਜੌਨ ਕੈਰੀ, ਮਿਸ਼ੇਲ ਓਬਾਮਾ, ਖਿਜ਼ਰ ਖਾਨ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਆਗੂਆਂ ਨੇ ਰਾਸ਼ਟਰਪਤੀ ਚੋਣਾਂ ਲਈ ਸਾਰੇ ਅਮਰੀਕੀਆਂ ਨੂੰ ਇਕਜੁੱਟ ਹੋ ਕੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਦੇਸ਼ ਨੂੰ ਬੁਰੀ ਤਰ੍ਹਾਂ ਵੰਡਿਆ ਹੋਇਆ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਅਮਰੀਕਾ ਦਾ ਸੁਧਾਰ ਚਾਹੁੰਦੇ ਹੋ, ਤਾਂ ਜੋਅ ਬਾਇਡਨ ਨੂੰ ਵੋਟ ਪਾਉਣੀ ਪਵੇਗੀ।
ਇਸ ਮੌਕੇ ਉਪ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਉਹ ਸਾਰੇ ਇੱਕੋ ਹੀ ਮਕਸਦ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਡੋਨਾਲਡ ਟਰੰਪ ਇਹ ਕਦੀ ਨਹੀਂ ਮੰਨਣਗੇ ਕਿ ਅਸੀਂ ਵੀ ਅਮਰੀਕੀ ਹਾਂ।
ਡੈਮੋਕ੍ਰੇਟਿਕ ਸੰਸਦ ਮੈਂਬਰ ਬਰਨੀ ਸੈਂਡਰਸ ਨੇ ਕਿਹਾ ਕਿ ਡੋਨਾਲਡ ਟਰੰਪ ਅਮਰੀਕੀ ਲੋਕਤੰਤਰ ਲਈ ਵੱਡਾ ਖਤਰਾ ਹਨ ਤੇ ਵਿਗਿਆਨ ਪ੍ਰਤੀ ਉਨ੍ਹਾਂ ਦੀ ਨਾਸਮਝੀ ਨੇ ਅਰਥਚਾਰੇ ਤੇ ਅਮਰੀਕੀਆਂ ਦੀ ਜ਼ਿੰਦਗੀ ਨੂੰ ਖਤਰੇ ‘ਚ ਪਾ ਦਿੱਤਾ ਹੈ।
ਸੈਨੇਟਰ ਕੋਰੀ ਬੁੱਕਰ ਨੇ ਕਿਹਾ ਕਿ ਡੋਨਲਡ ਟਰੰਪ ਨੂੰ ਹਰਾਉਣ ਲਈ ਉਨ੍ਹਾਂ ਕੋਲ ਇੱਕ ਹੀ ਮੌਕਾ ਹੈ ਤੇ ਉਹ ਮੌਕਾ ਹੁਣ ਹੀ ਹੈ। ਸੈਨੇਟਰ ਐਮੀ ਕਲੋਬੁਚਰ ਨੇ ਦੋਸ਼ ਲਾਇਆ ਕਿ ਟਰੰਪ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹ ਕਰੋਨਾ ਮਹਾਮਾਰੀ ਤੇ ਆਰਥਿਕ ਸੰਕਟ ਨਾਲ ਨਜਿੱਠਣ ਸਬੰਧੀ ਸਵਾਲਾਂ ਦਾ ਜਵਾਬ ਵੀ ਨਹੀਂ ਦੇ ਰਹੇ। ਭਾਰਤੀ ਮੂਲ ਦੀ ਡੈਮੋਕਰੇਟ ਸਿਆਸੀ ਆਗੂ ਸਾਰਾ ਗਿਡੀਓ ਨੇ ਕਿਹਾ ਕਿ ਜੋਅ ਬਾਇਡਨ ਦੇ ਜਿੱਤਣ ‘ਤੇ ਡੈਮੋਕਰੇਟਾਂ ਦੇ ਸੈਨੇਟ ‘ਚ ਜਾਣ ਨਾਲ ਅਮਰੀਕੀ ਅਰਥਚਾਰੇ ਨੂੰ ਲੀਹ ‘ਤੇ ਲਿਆਇਆ ਜਾ ਸਕਦਾ ਹੈ।


Share