ਡੈਨਮਾਰਕ ਦੀ ਪੈਕਜਿੰਗ ਕੰਪਨੀ ਨੇ ਪੰਜਾਬ ਦੀ ਕੰਪਨੀ ਨੂੰ 125 ਕਰੋੜ ’ਚ ਖਰੀਦਿਆ

658
-ਪੰਜਾਬ ਨੂੰ ਮਿਲਿਆ ਵਿਦੇਸ਼ੀ ਨਿਵੇਸ਼
ਚੰਡੀਗੜ੍ਹ, 22 ਜਨਵਰੀ (ਪੰਜਾਬ ਮੇਲ)- ਖੇਤੀਬਾੜੀ ਕਾਨੂੰਨਾਂ ਖਿਲਾਫ ਜਾਰੀ ਕਿਸਾਨਾਂ ਅੰਦੋਲਨ ਦਰਮਿਆਨ ਡੈਨਮਾਰਕ ਦੀ ਪੈਕਜਿੰਗ ਕੰਪਨੀ ਹਾਰਟਮੈਨ ਨੇ ਮੋਹਨ ਫਾਈਬਰ ਪ੍ਰੋਡਕਟਸ ਲਿਮਟਿਡ ਨੂੰ 125 ਕਰੋੜ ਰੁਪਏ ’ਚ ਖ਼ਰੀਦ ਲਿਆ ਹੈ। ਹਾਰਟਮੈਨ ਗਰੁੱਪ ਦੇ ਦੱਖਣੀ ਅਮਰੀਕਾ ਅਤੇ ਏਸ਼ੀਆ ਖੇਤਰ ਦੇ ਪ੍ਰਧਾਨ ਅਰਨੇਸਟੋ ਨੇ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ ਸੀ। ਅਰਨੇਸਟੋ ਨੇ ਕਿਹਾ ਕਿ ਪੰਜਾਬ ’ਚ ਨਿਵੇਸ਼ ਦੇ ਅਨੁਕੂਲ ਮਾਹੌਲ ਦੇ ਮੱਦੇਨਜ਼ਰ ਉਸਨੇ ਮੋਹਨ ਫਾਈਬਰਜ਼ ਦਾ ਮੌਜੂਦਾ ਪਲਾਂਟ ਖਰੀਦਿਆ ਹੈ।
ਉਨ੍ਹਾਂ ਨੇ ਸੂਬੇ ਵਿਚ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਆਪਣੀਆਂ ਭਵਿੱਖ ’ਚ ਨਿਵੇਸ਼ ਸਬੰਧੀ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਕੰਪਨੀ ਸੂਬੇ ਵਿਚ ਫਲ ਅਤੇ ਸਬਜ਼ੀਆਂ ਪੈਕ ਕਰਨ ਦੀਆਂ ਮਾਰਕੀਟ ਸੰਭਾਵਨਾਵਾਂ ਬਾਰੇ ਵੀ ਵਿਚਾਰ ਕਰ ਰਹੀ ਹੈ। ਮੁੱਖ ਸਕੱਤਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੰਪਨੀ ਨੂੰ ਸੂਬਾ ਸਰਕਾਰ ਅਤੇ ਨਿਵੇਸ਼ ਪੰਜਾਬ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਰਟਮੈਨ ਕੰਪਨੀ ਦੇ ਆਉਣ ਨਾਲ ਡੈਨਮਾਰਕ ਪੰਜਾਬ ਆਉਣ ਵਾਲਾ 11ਵਾਂ ਦੇਸ਼ ਬਣ ਗਿਆ ਹੈ। ਪਿਛਲੇ 4 ਸਾਲਾਂ ਵਿਚ ਵਿਸ਼ਵ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਸੂਬੇ ਵਿਚ ਨਿਵੇਸ਼ ਕੀਤਾ ਹੈ। ਪੰਜਾਬ ਸਰਕਾਰ ਇਸ ਨੂੰ ਸਕਾਰਾਤਮਕ ਨਿਵੇਸ਼ ਮਾਹੌਲ ਅਤੇ ਸਹੀ ਨੀਤੀਆਂ ਦੇ ਨਤੀਜੇ ਵਜੋਂ ਵਿਚਾਰ ਰਹੀ ਹੈ।
ਡੈਨਮਾਰਕ ’ਚ 1917 ਵਿਚ ਸਥਾਪਿਤ ਕੀਤੀ ਗਈ, ਹਾਰਟਮੈਨ ਕੰਪਨੀ ਦੁਨੀਆਂ ਦੀ ਮੋਲਡਿਡ ਫਾਈਬਰ ਅੰਡੇ ਦੀ ਪੈਕਿੰਗ ਦੀ ਦੁਨੀਆਂ ਦੀ ਮੋਹਰੀ ਨਿਰਮਾਤਾ ਹੈ, ਇਥੇ ਲਗਭਗ 2200 ਕਾਮੇ ਨੌਕਰੀ ਕਰਦੇ ਹਨ। ਇਹ ਕੰਪਨੀ ਸਾਨੋਵੋ ਗ੍ਰੀਨ ਪੈਕ ਦੇ ਨਾਮ ਨਾਲ ਦੱਖਣੀ ਅਮਰੀਕਾ ਵਿਚ ਫਲ ਪੈਕਿੰਗ ਕਰਦੀ ਹੈ। ਮੋਲਡਡ ਫਾਈਬਰ ਪੈਕਜਿੰਗ ਨੂੰ ਬਣਾਉਣ ਲਈ ਮੈਨੂਫੈਕਚਰਿੰਗ ਟੈਕਨੋਲੋਜੀ ਦੀ ਕੰਪਨੀ ਚੋਟੀ ਦੀ ਕੰਪਨੀ ਮੰਨੀ ਜਾਂਦੀ ਹੈ। ਯੂਰਪ, ਉੱਤਰੀ ਅਤੇ ਦੱਖਣੀ ਅਮਰੀਕਾ ਸਮੇਤ ਦੁਨੀਆਂ ਭਰ ਦੇ ਬਾਜ਼ਾਰਾਂ ਵਿਚ ਮੋਲਡਡ ਫਾਈਬਰ ਪੈਕਜਿੰਗ ਦੀ ਵਿਕਰੀ ਦੇ ਨਾਲ, ਹਾਰਟਮੈਨ ਕੰਪਨੀ ਨੂੰ ਸਨਅਤੀ ਖਾਦ ਪਲਾਂਟਾਂ ਵਿਚ ਖਾਦ ਬਣਾਉਣ ਲਈ ਵੀ ਪ੍ਰਮਾਣਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੋਹਾਲੀ ਜ਼ਿਲੇ ’ਚ ਸਥਿਤ ਮੋਹਨ ਫਾਈਬਰ ਪ੍ਰੋਡਕਟਸ ਲਿਮਟਿਡ ਫਲ, ਪੋਲਟਰੀ ਅਤੇ ਫੂਡ ਸਰਵਿਸ ਇੰਡਸਟਰੀ ਲਈ ਮੋਲਡਡ ਫਾਈਬਰ ਪੈਕਜਿੰਗ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਵਿਚੋਂ ਇੱਕ ਹੈ।
ਡੈਨਮਾਰਕ ਦੀ ਹਾਰਟਮੈਨ ਕੰਪਨੀ ਨੂੰ ਭਾਰਤੀ ਬਾਜ਼ਾਰ ਵਿਚ ਵਪਾਰਕ ਦਿ੍ਰ੍ਰਸ਼ਟੀਕੋਣ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ, ਇਸ ਨੂੰ ਡਿਪਲੋਮੈਟਿਕ ਪੱਧਰ ’ਤੇ ਵੀ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਰਟਮੈਨ ਕੰਪਨੀ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਸਥਾਪਤ ਸੂਬੇ ਦੀਆਂ ਕੰਪਨੀਆਂ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਨਾਲ ਵੈਲਯੂ ਚੇਨ ਨਾਲ ਜੋੜਨਗੀਆਂ। ਸਰਕਾਰ ਦਾ ਮੰਨਣਾ ਹੈ ਕਿ ਫੂਡ ਪ੍ਰੋਸੈਸਿੰਗ ਦੇ ਖੇਤਰ ’ਚ ਪਹਿਲਾਂ ਹੀ ਦੇਸ਼ ਦੇ ਚੋਟੀ ਦੇ ਸੂਬਿਆਂ ’ਚ ਸ਼ਾਮਲ ਪੰਜਾਬ ਨੂੰ ਵਿਦੇਸ਼ੀ ਕੰਪਨੀਆਂ ਦੇ ਆਉਣ ਨਾਲ ਵਧੇਰੇ ਫਾਇਦਾ ਮਿਲੇਗਾ।