ਡੇਵਿਸ ਵਿਖੇ ਗਾਂਧੀ ਦੇ ਬੁੱਤ ‘ਤੇ ਮਲਿਆ ਲਾਲ ਤੇ ਕਾਲਾ ਰੰਗ

731
Share

2016 ‘ਚ ਗਾਂਧੀ ਦੇ ਜਨਮ ਦਿਨ ਮੌਕੇ ਕੀਤਾ ਗਿਆ ਸੀ ਬੁੱਤ ਸਥਾਪਿਤ

ਡੇਵਿਸ (ਕੈਲੀਫੋਰਨੀਆ), 1 ਜੁਲਾਈ (ਪੰਜਾਬ ਮੇਲ)- ਸੈਕਰਾਮੈਂਟੋ ਦੇ ਨਾਲ ਲੱਗਦੇ ਸ਼ਹਿਰ ਡੇਵਿਸ ਵਿਖੇ ਸੈਂਟਰਲ ਪਾਰਕ ਵਿਚ ਸਥਾਪਤ ਗਾਂਧੀ ਦੇ ਬੁੱਤ ਨੂੰ ਕੁੱਝ ਅਣਪਛਾਤੇ ਲੋਕਾਂ ਵੱਲੋਂ ਲਾਲ ਤੇ ਕਾਲਾ ਪੇਂਟ ਮਲ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। 6 ਫੁੱਟ ਤੋਂ ਉੱਚੇ ਤਾਂਬੇ ਦੇ ਇਸ ਬੁੱਤ ਨੂੰ ਸਾਲ 2016 ‘ਚ ਇਥੇ ਸਥਾਪਤ ਕੀਤਾ ਗਿਆ ਸੀ।
ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਬੁੱਤ ਸਥਾਪਤ ਕਰਨ ਤੋਂ ਪਹਿਲਾਂ ਡੇਵਿਸ ਸਿਟੀ ਵਿਖੇ ਕਾਫੀ ਲੰਮੀ-ਚੌੜੀ ਬਹਿਸ ਹੋਈ ਸੀ। ਉਸ ਦੌਰਾਨ ਜਿੱਥੇ ਬੁੱਤ ਨੂੰ ਲਾਉਣ ਵਾਲਾ ਇਕ ਗਰੁੱਪ ਸਿਟੀ ਕੌਂਸਲ ਦੀ ਹਮਾਇਤ ਕਰ ਰਿਹਾ ਸੀ, ਉਥੇ ਦੂਜਾ ਗਰੁੱਪ ਇਸ ਬੁੱਤ ਦੇ ਖਿਲਾਫ ਆਵਾਜ਼ ਉਠਾਉਂਦਾ ਰਿਹਾ। ਆਖਰ ਕੌਂਸਲ ਮੈਂਬਰਾਂ ਦੀ ਵੋਟਿੰਗ ਸਮੇਂ ਇਸ ਬੁੱਤ ਨੂੰ ਲਾਉਣ ਲਈ ਮਤਾ 3-2 ਨਾਲ ਪਾਸ ਹੋ ਗਿਆ ਅਤੇ ਸੰਨ 2016 ‘ਚ ਗਾਂਧੀ ਦੇ ਜਨਮ ਦਿਨ ‘ਤੇ ਇਹ ਬੁੱਤ ਇਥੇ ਸਥਾਪਿਤ ਕਰ ਦਿੱਤਾ ਗਿਆ। ਬੁੱਤ ਸਥਾਪਿਤੀ ਮੌਕੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡੇਵਿਸ ਸਿਟੀ ਦੇ ਮੇਅਰ ਅਤੇ ਕੌਂਸਲ ਮੈਂਬਰ ਤੋਂ ਇਲਾਵਾ ਸਾਨ ਫਰਾਂਸਿਸਕੋ ਵਿਖੇ ਉਸ ਵਕਤ ਦੇ ਕੌਂਸਲੇਟ ਜਨਰਲ ਵੈਂਕਟੇਸ਼ਨ ਅਸ਼ੌਕ ਵੀ ਹਾਜ਼ਰ ਸਨ। ਪਰ ਉਸ ਵਕਤ ਵੀ ਬੁੱਤ ਨੂੰ ਲਾਉਣ ਦਾ ਵਿਰੋਧ ਹੁੰਦਾ ਰਿਹਾ।
ਹੁਣ 4 ਸਾਲਾਂ ਬਾਅਦ ਇਸ ਬੁੱਤ ਨੂੰ ਇਥੋਂ ਹਟਾਉਣ ਦੀ ਇਕ ਵਾਰ ਫਿਰ ਮੰਗ ਉੱਠੀ ਹੈ। ਜਿਸ ਕਰਕੇ ਕੁੱਝ ਲੋਕਾਂ ਨੇ ਇਸ ਬੁੱਤ ‘ਤੇ ਕਾਲਾ ਤੇ ਲਾਲ ਪੇਂਟ ਕਰ ਦਿੱਤਾ। ਡੇਵਿਸ ਸਿਟੀ ਅਤੇ ਕੁੱਝ ਹੋਰ ਆਗੂਆਂ ਨੇ ਰਲ਼ ਕੇ ਮੰਗਲਵਾਰ 30 ਜੂਨ ਨੂੰ ਇਹ ਰੰਗ ਸਾਫ ਕਰ ਦਿੱਤਾ ਹੈ।


Share