ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਣ ਦਾਸ ਨੂੰ ਇਟਲੀ ’ਚ ਧਮਕੀ

94
Share

ਰੋਮ, 25 ਅਗਸਤ (ਪੰਜਾਬ ਮੇਲ)-ਪਿਛਲੇ ਕੁਝ ਦਿਨਾਂ ਤੋਂ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਮੁਖੀ ਸੰਤ ਨਿਰੰਜਣ ਦਾਸ ਜੀ ਰਵਿਦਾਸੀਆ ਧਰਮ ਪ੍ਰਚਾਰ ਵਾਸਤੇ ਵਿਦੇਸ਼ ਯਾਤਰਾ ਉੱਤੇ ਹਨ। ਮਿਲੀ ਜਾਣਕਾਰੀ ਅਨੁਸਾਰ 4-5 ਦਿਨ ਪਹਿਲਾਂ ਸੰਤ ਨਿਰੰਜਣ ਦਾਸ ਇਟਲੀ ਵਿਚ ਆਏ ਸਨ, ਤਾਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਆਪਣੇ ਧਰਮ ਸਬੰਧੀ ਧਾਰਮਿਕ ਪ੍ਰਚਾਰ ਨਾ ਕਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੂੰ ਉਸ ਵਿਅਕਤੀ ਨੇ ਇਕ ਮੋਬਾਈਲ ਨੰਬਰ ਉੱਤੇ ਗੱਲ ਕਰਨ ਨੂੰ ਵੀ ਕਿਹਾ ਸੀ। ਜਾਂਚ ਵਿਚ ਪਤਾ ਲੱਗਾ ਕਿ ਉਹ ਨੰਬਰ ਕਪੂਰਥਲਾ ਜ਼ਿਲ੍ਹੇ ਦੇ ਵਿਅਕਤੀ ਦਾ ਹੈ। ਇਸ ਵੇਲੇ ਸੰਤ ਨਿਰੰਜਣ ਦਾਸ ਸਪੇਨ ਵਿਚ ਹਨ ਅਤੇ ਉਸ ਤੋਂ ਬਾਅਦ ਆਪਣੇ ਵੱਖ-ਵੱਖ ਧਾਰਮਿਕ ਸਮਾਗਮਾਂ ਲਈ ਫਰਾਂਸ, ਜਰਮਨੀ ਅਤੇ ਨੀਦਰਲੈਂਡ ਆਦਿ ਦੇਸ਼ਾਂ ਵਿਚ ਜਾਣਗੇ।
ਡੇਰਾ ਸੱਚਖੰਡ ਬੱਲਾਂ ਨੂੰ ਸਮਰਪਿਤ ਰਵਿਦਾਸੀਆ ਸਮਾਜ ਨਾਲ ਸਬੰਧਤ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਸੰਸਥਾਵਾਂ ਦੇ ਆਗੂਆਂ ਨੇ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਮੁਖੀ ਸੰਤ ਨਿਰੰਜਣ ਦਾਸ ਦੀ ਸੁਰੱਖਿਆ ਸਬੰਧੀ ਐੱਸ.ਐੱਸ.ਪੀ. ਦਿਹਾਤੀ ਨੂੰ ਮੰਗ-ਪੱਤਰ ਦਿੰਦਿਆਂ ਸੰਤ ਜੀ ਦੀ ਦੇਸ਼-ਵਿਦੇਸ਼ ਵਿਚ ਵੱਧ ਤੋਂ ਵੱਧ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਬਾਰੇ ਐੱਸ.ਐੱਸ.ਪੀ. ਦਿਹਾਤੀ ਸਵਰਨਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਸੰਸਥਾਵਾਂ ਨੇ ਸੰਤ ਨਿਰੰਜਣ ਦਾਸ ਦੀ ਸੁਰੱਖਿਆ ਬਾਰੇ ਮੰਗ-ਪੱਤਰ ਦਿੱਤਾ ਹੈ ਅਤੇ ਜਿਸ ਮੋਬਾਈਲ ਫ਼ੋਨ ਬਾਰੇ ਉੱਤੇ ਉਨ੍ਹਾਂ ਨੂੰ ਸੰਦੇਸ਼ ਭੇਜਿਆ ਗਿਆ ਸੀ, ਉਸ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ ਤੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਵਿਚ ਹੈ।

Share