ਡੇਰਾ ਮੁਖੀ ਨੂੰ ਪੈਰੋਲ ਨਾਲ ਪੰਜਾਬ ਦੇ ਚੋਣ ਮਾਹੌਲ ’ਚ ਪੈਦਾ ਹੋਈ ਸਿਆਸੀ ਹਲਚਲ

162
Share

-35 ਤੋਂ 40 ਹਲਕਿਆਂ ਵਿਚ ਡੇਰਾ ਸਿਰਸਾ ਦਾ ਪ੍ਰਭਾਵ
– ਸਿਆਸੀ ਆਗੂਆਂ ਨੂੰ ਡੇਰਾ ਸਿਰਸਾ ਤੋਂ ਰੱਖਣੀ ਪੈਂਦੀ ਹੈ ਝਾਕ
ਚੰਡੀਗੜ੍ਹ, 9 ਫਰਵਰੀ (ਪੰਜਾਬ ਮੇਲ)- ਡੇਰਾ ਸਿਰਸਾ ਦੇ ਮੁਖੀ ਦੀ ਫਰਲੋ ਮਗਰੋਂ ਹੁਣ ਪੰਜਾਬ ਚੋਣਾਂ ਦੇ ਮਾਹੌਲ ’ਚ ਸਿਆਸੀ ਹਲਚਲ ਪੈਦਾ ਹੋ ਗਈ ਹੈ। ਸਿਆਸੀ ਹਲਕੇ ਡੇਰਾ ਮੁਖੀ ਨੂੰ ਫਰਲੋ ਦਿੱਤੇ ਜਾਣ ਨੂੰ ਪੰਜਾਬ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਹਰਿਆਣਾ ਸਰਕਾਰ ਵੱਲੋਂ 21 ਦਿਨਾਂ ਦੀ ਇਹ ਫਰਲੋ ਉਦੋਂ ਦਿੱਤੀ ਗਈ ਹੈ, ਜਦੋਂ ਪੰਜਾਬ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਲੰਮੇ ਕਿਸਾਨ ਘੋਲ ਦੀ ਅਗਵਾਈ ਪੰਜਾਬ ਦੇ ਹੱਥ ਰਹੀ ਹੈ ਅਤੇ ਉਸ ਮਗਰੋਂ ਭਾਜਪਾ ਲਈ ਪੰਜਾਬ ਚੋਣਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਭਾਜਪਾ ਹੁਣ ਪੰਜਾਬ ’ਚ ਆਪਣੀ ਵੋਟ ਫ਼ੀਸਦੀ ’ਚ ਵਾਧਾ ਕਰ ਕੇ ਸਿਆਸੀ ਸੁਨੇਹਾ ਦੇਣਾ ਚਾਹੁੰਦੀ ਹੈ। ਡੇਰਾ ਮੁਖੀ ਦੀ ਫਰਲੋ ਦੀ ਤੰਦ ਭਾਜਪਾ ਦੀ ਇਸੇ ਸਿਆਸੀ ਸੋਚ ਨਾਲ ਜੁੜਦੀ ਜਾਪਦੀ ਹੈ। ਚਰਚੇ ਸ਼ੁਰੂ ਹੋ ਗਏ ਹਨ ਕਿ ਡੇਰਾ ਸਿਰਸਾ ਐਤਕੀਂ ਭਾਜਪਾ ਦੇ ਪਾਲੇ ਵਿਚ ਜਾ ਸਕਦਾ ਹੈ। ਦੇਖਿਆ ਜਾਵੇ ਤਾਂ 2007 ਦੀਆਂ ਅਸੈਂਬਲੀ ਚੋਣਾਂ ਤੋਂ ਡੇਰਾ ਸਿਰਸਾ ਨੇ ਸਿਆਸੀ ਹਮਾਇਤ ਖੁੱਲ੍ਹੇਆਮ ਦੇਣ ਦਾ ਐਲਾਨ ਕਰਨਾ ਸ਼ੁਰੂ ਕੀਤਾ ਹੈ। ਉਸ ਤੋਂ ਪਹਿਲਾਂ ਗੁਪਤ ਰੂਪ ’ਚ ਡੇਰਾ ਸਿਰਸਾ ਚੋਣਾਂ ਵਿਚ ਹਮਾਇਤ ਕਰਦਾ ਆਇਆ ਹੈ। ਪੰਜਾਬ ਦੇ ਕਰੀਬ 35 ਅਸੈਂਬਲੀ ਹਲਕੇ ਹਨ, ਜਿਨ੍ਹਾਂ ਵਿਚ ਡੇਰਾ ਸਿਰਸਾ ਪ੍ਰਭਾਵ ਰੱਖਦਾ ਹੈ।¿;
ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਅਤੇ ਪੰਜਾਬ ’ਚ ਬੇਅਦਬੀ ਦੀਆਂ ਘਟਨਾਵਾਂ ਪਿੱਛੋਂ ਡੇਰਾ ਸਿਰਸਾ ਦੀ ਸਿਆਸੀ ਪਕੜ ਪਹਿਲਾਂ ਵਾਲੀ ਨਹੀਂ ਰਹੀ। ਡੇਰਾ ਸਿਰਸਾ ਦਾ ਵੋਟ ਬੈਂਕ ਵੀ ਪ੍ਰਭਾਵਤ ਹੋਇਆ ਹੈ। ਉਂਜ ਹਾਲੇ ਡੇਰਾ ਸਿਰਸਾ ਦਾ ਮਾਲਵੇ ਵਿਚ ਇੰਨਾ ਕੁ ਵੋਟ ਬੈਂਕ ਕਾਇਮ ਹੈ ਕਿ ਸਿਆਸੀ ਆਗੂਆਂ ਨੂੰ ਡੇਰਾ ਸਿਰਸਾ ਤੋਂ ਝਾਕ ਰੱਖਣੀ ਪੈਂਦੀ ਹੈ। ਡੇਰਾ ਸਿਰਸਾ ਨੇ ਪਿਛਲੇ ਦਿਨਾਂ ਦੌਰਾਨ ਬਲਾਕ ਪੱਧਰ ’ਤੇ ਡੇਰਾ ਪੈਰੋਕਾਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਖਤਮ ਕਰ ਲਿਆ ਹੈ ਅਤੇ ਹੁਣ ਜ਼ਿਲ੍ਹਾ ਪੱਧਰ ’ਤੇ ਡੇਰਾ ਪੈਰੋਕਾਰਾਂ ਦੀ ਰਾਇ ਲਈ ਜਾਣੀ ਹੈ।¿;
ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਡੇਰਾ ਸਿਰਸਾ ਵੱਲੋਂ ਪੰਜਾਬ ਚੋਣਾਂ ਬਾਬਤ ਫ਼ੈਸਲਾ ਵੋਟਾਂ ਤੋਂ ਦੋ ਦਿਨ ਪਹਿਲਾਂ ਲਿਆ ਜਾਵੇਗਾ ਪਰ ਹਾਲੇ ਤੱਕ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਦਾ ਫ਼ੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸੰਗਤ ’ਚ ਇਹ ਵੀ ਰਾਇ ਪਾਈ ਜਾ ਰਹੀ ਹੈ ਕਿ ਉਨ੍ਹਾਂ ਨੇ ਸਭਨਾਂ ਦੀ ਚੋਣਾਂ ’ਚ ਮਦਦ ਕਰ ਕੇ ਦੇਖ ਲਈ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਜਾਇਜ਼ ਕੰਮ ਵੀ ਨਹੀਂ ਹੁੰਦੇ। ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਡੇਰਾ ਕਿਸੇ ਸਿਆਸੀ ਪਾਰਟੀ ਜਾਂ ਵਿਸ਼ੇਸ਼ ਉਮੀਦਵਾਰਾਂ ਦੀ ਮਦਦ ਕਰੇ। ਇਹ ਵੀ ਸੰਭਵ ਹੈ ਕਿ ਡੇਰਾ ਪੈਰੋਕਾਰਾਂ ਨੂੰ ਆਪਣੀ ਮਰਜ਼ੀ ਮੁਤਾਬਕ ਵੋਟ ਪਾਉਣ ਲਈ ਆਖ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਵੱਲੋਂ ਪਹਿਲਾਂ ਵੀ ਚੋਣਾਂ ਵਿਚ ਕਿਸੇ ਤਰ੍ਹਾਂ ਦਾ ਦਖਲ ਨਹੀਂ ਦਿੱਤਾ ਜਾਂਦਾ ਹੈ ਅਤੇ ਸੰਗਤ ਹੀ ਫ਼ੈਸਲਾ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਮਾਲਵੇ ਦੇ 35 ਤੋਂ 40 ਹਲਕਿਆਂ ਵਿਚ ਡੇਰਾ ਸਿਰਸਾ ਦਾ ਪ੍ਰਭਾਵ ਹੈ ਅਤੇ ਹਰ ਅਸੈਂਬਲੀ ਹਲਕੇ ਵਿਚ ਡੇਰਾ ਪੈਰੋਕਾਰਾਂ ਦੀ ਅੱਠ ਤੋਂ ਦਸ ਹਜ਼ਾਰ ਵੋਟ ਹੈ। ਉਨ੍ਹਾਂ ਇਹ ਗੱਲ ਵੀ ਕਬੂਲੀ ਕਿ ਪੈਰੋਕਾਰਾਂ ਦੀ ਸੌ ਫ਼ੀਸਦੀ ਵੋਟ ਇੱਕ ਪਾਸੇ ਨਹੀਂ ਪੈਂਦੀ ਕਿਉਂਕਿ ਬਹੁਤੇ ਪਹਿਲਾਂ ਹੀ ਕਿਸੇ ਨਾ ਕਿਸੇ ਸਿਆਸੀ ਧਿਰ ਨਾਲ ਬੱਝੇ ਹੁੰਦੇ ਹਨ। ਜਦੋਂ ਡੇਰਾ ਸਿਰਸਾ ਦੇ ਭਾਜਪਾ ਦੇ ਹੱਕ ਵਿਚ ਭੁਗਤਣ ਦੇ ਕਿਆਸਾਂ ਬਾਰੇ ਪੁੱਛਿਆ ਤਾਂ ਰਾਮ ਸਿੰਘ ਨੇ ਕਿਹਾ ਕਿ ਅਜਿਹਾ ਫ਼ਿਲਹਾਲ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ ਹੈ।¿;
ਡੇਰਾ ਸਿਰਸਾ ਦੇ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ, ਜੋ ਕਿ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਹਨ, ਦੀ ਸੀਟ ਦੀ ਕਮਾਨ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਆਪਣੇ ਹੱਥ ਲੈ ਲਈ ਹੈ। ਡੇਰਾ ਸਿਰਸਾ ਲਈ ਐਤਕੀਂ ਹਰਮਿੰਦਰ ਸਿੰਘ ਜੱਸੀ ਵਾਲੀ ਸੀਟ ਵਕਾਰੀ ਵੀ ਹੈ ਕਿਉਂਕਿ ਪਿਛਲੀ ਦਫ਼ਾ ਹਰਮਿੰਦਰ ਸਿੰਘ ਜੱਸੀ ਚੋਣ ਹਾਰ ਗਏ ਸਨ। ਹਲਕਾ ਤਲਵੰਡੀ ਸਾਬੋ ਵਿਚ ਕਰੀਬ 12 ਹਜ਼ਾਰ ਵੋਟ ਡੇਰਾ ਪੈਰੋਕਾਰਾਂ ਦੀ ਹੈ ਅਤੇ ਪੈਰੋਕਾਰਾਂ ਵੱਲੋਂ ਹੀ ਅੱਗੇ ਵੱਧ ਕੇ ਹਰਮਿੰਦਰ ਸਿੰਘ ਜੱਸੀ ਦੀ ਚੋਣ ਮੁਹਿੰਮ ਚਲਾਈ ਜਾ ਰਹੀ ਹੈ।

Share