ਡੇਰਾ ਪ੍ਰੇਮੀ ਕਤਲ ਮਾਮਲਾ: ਬੇਅਦਬੀ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਹੋ ਸਕਦੀ ਹੈ ਪ੍ਰਭਾਵਿਤ!

496
Share

ਫਰੀਦਕੋਟ, 22 ਨਵੰਬਰ (ਪੰਜਾਬ ਮੇਲ)- ਬੀਤੇ ਦਿਨੀਂ ਭਗਤਾ ਭਾਈਕਾ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਡੇਰਾ ਪ੍ਰੇਮੀ ਮਨੋਹਰ ਲਾਲ ਮਨੀ ਐਕਸਚੇਂਜਰ ਦੇ ਕੀਤੇ ਗਏ ਕਤਲ ਦੀ ਜ਼ਿੰਮੇਵਾਰੀ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਲੈਂਦਿਆਂ ਗੈਂਗਸਟਰ ‘ਸੁੱਖਾ ਗਿੱਲ ਲੰਮਾ’ ਨੇ ਭਾਵੇਂ ਦਾਅਵਾ ਕੀਤਾ ਹੈ ਕਿ ਉਕਤ ਡੇਰਾ ਪ੍ਰੇਮੀ ਦਾ ਕਤਲ ਹਰਜਿੰਦਰ ਤੇ ਅਮਨ ਨੇ ਕੀਤਾ ਹੈ ਅਤੇ ਪੁਲਿਸ ਨੇ ਵੀ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਪਰ ਪੁਲਿਸ ਵੱਲੋਂ ਉਕਤ ਕਤਲ ਦੇ ਮਾਮਲੇ ਨੂੰ ਵੱਖ-ਵੱਖ ਪਹਿਲੂਆਂ ਤੋਂ ਵਾਚਿਆ ਜਾ ਰਿਹਾ ਹੈ। ਬੇਅਦਬੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਵੱਖ-ਵੱਖ ਟੀਮਾਂ ਦੇ ਸੂਤਰਾਂ ਮੁਤਾਬਿਕ ਡੇਰਾ ਪ੍ਰੇਮੀਆਂ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਪੰਜਾਬ ਤੋਂ ਬਾਹਰ ਦੀਆਂ ਅਦਾਲਤਾਂ ‘ਚ ਕਰਵਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ‘ਚ 8 ਪਟੀਸ਼ਨਾਂ ਪਾਈਆਂ ਗਈਆਂ ਹਨ, ਜਿਨ੍ਹਾਂ ‘ਚੋਂ ਮੋਗਾ ਥਾਣੇ ‘ਚ ਦਰਜ ਐੱਫ.ਆਈ.ਆਰ. ਨੰਬਰ 33 ਅਤੇ ਬਾਜਾਖਾਨੇ ‘ਚ ਦਰਜ ਐੱਫ.ਆਈ.ਆਰ. ਨੰਬਰ 63 ਦੀ ਸੁਣਵਾਈ ਦੀ ਤਰੀਖ 23 ਨਵੰਬਰ ਹੈ। ਜਦਕਿ ਬਾਕੀ 6 ਮਾਮਲਿਆਂ ਦੀ ਸੁਣਵਾਈ ਵੀ 24 ਨਵੰਬਰ ਨੂੰ ਹੈ।
ਸੂਤਰ ਦੱਸਦੇ ਹਨ ਕਿ ਭਾਵੇਂ ਪੁਲਿਸ ਵੱਲੋਂ ਉਕਤ ਕਤਲ ਦੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਪਰ ਬੇਅਦਬੀ ਮਾਮਲਿਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਪ੍ਰੇਮੀ ਦੀ ਬਜਾਇ ਉਸਦੇ ਪਿਤਾ ਦਾ ਕਤਲ ਸਮਝ ਤੋਂ ਬਾਹਰ ਦੀ ਗੱਲ ਹੈ। ਬੇਅਦਬੀ ਮਾਮਲਿਆਂ ਦੇ ਪੀੜਤ ਪਰਿਵਾਰਾਂ ਅਤੇ ਪੰਥਦਰਦੀਆਂ ਨੂੰ ਖਦਸ਼ਾ ਹੈ ਕਿ ਜੇਕਰ ਡੇਰਾ ਪ੍ਰੇਮੀਆਂ ਵੱਲੋਂ ਪਾਈਆਂ ਗਈਆਂ ਪਟੀਸ਼ਨਾਂ ਰੱਦ ਨਹੀਂ ਹੁੰਦੀਆਂ ਤਾਂ ਜਾਂਚ ਪ੍ਰਕਿਰਿਆ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੈ, ਕਿਉਂਕਿ ਜਾਂਚ ਟੀਮਾਂ ਵੱਲੋਂ ਮਾਮਲੇ ਦੀ ਡੂੰਘਾਈ ਅਤੇ ਨਿਰਪੱਖਤਾ ਨਾਲ ਕੀਤੀ ਜਾ ਰਹੀ ਜਾਂਚ ਤੋਂ ਉਹ ਪੂਰੀ ਤਰਾਂ ਸੰਤੁਸ਼ਟ ਹਨ।
ਸੰਪਰਕ ਕਰਨ ‘ਤੇ ਇੰਸ. ਅਮਨਪਾਲ ਸਿੰਘ ਵਿਰਕ ਐੱਸ.ਐੱਚ.ਓ. ਥਾਣਾ ਭਗਤਾ ਭਾਈਕਾ ਨੇ ਆਖਿਆ ਕਿ ਪੁਲਿਸ ਵੱਲੋਂ ਬੇਅਦਬੀ ਕਾਂਡ, ਪੁਰਾਣੀ ਰੰਜਿਸ਼, ਪੈਸਿਆਂ ਦਾ ਲੈਣ-ਦੇਣ ਜਾਂ ਹੋਰ ਵੀ ਅਨੇਕਾਂ ਪਹਿਲੂਆਂ ਨਾਲ ਜੋੜ ਕੇ ਕਤਲ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਕਬਜੇ ‘ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


Share