ਡੇਟਨ ’ਚ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਵਾਲਾ ਦਿਨ ਜਾਹੋ-ਜਲਾਲ ਨਾਲ ਮਨਾਇਆ

113
- ਡੇਟਨ ਵਿਖੇ ਪੰਜ ਪਿਆਰਿਆਂ ਜਲੌਅ ਦੀ ਅਗਵਾਈ ਕਰਦੇ ਹੋਏ।
Share

ਓਹਾਇਓ, 28 ਅਪ੍ਰੈਲ (ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਾਂਗ ਓਹਾਇਓ ਸੂਬੇ ਦੇ ਸ਼ਹਿਰ ਡੇਟਨ ਦੀ ਪੰਜਾਬੀ ਕਮਿਊਨਿਟੀ ਵਲੋਂ ਰਲ-ਮਿਲ ਕੇ ਗੁਰਦੁਆਰਾ ਸਿੱਖ ਸੁਸਾਇਟੀ ਆਫ ਡੇਟਨ ਵਿਖੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਬਹੁਤ ਜਾਹੋ-ਜਲਾਲ ਨਾਲ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਮਨਾਇਆ ਗਿਆ। ਵਿਸਾਖੀ ਵਾਲੇ ਦਿਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠ ਅਰੰਭ ਕੀਤੇ ਗਏ। ਨਿਸ਼ਾਨ ਸਾਹਿਬ ਨੂੰ ਨਵੇਂ ਬਾਣੇ ’ਚ ਸਜਾਇਆ ਗਿਆ। ਕੇਸਰੀ, ਪੀਲੇ ਅਤੇ ਹੋਰ ਕਈ ਰੰਗਾਂ ਦੀਆਂ ਪੱਗਾਂ ਅਤੇ ਦੁਪੱਟਿਆਂ ਨਾਲ ਕਾਰ ਪਾਰਕਿੰਗ ਫੁੱਲਾਂ ਦੇ ਕਿਆਰੇ ਵਾਂਗ ਸਜਿਆ ਪਿਆ ਸੀ। ਗੁਰੂ ਸਾਹਿਬ ਜੀ ਨੂੰ ਪਾਲਕੀ ’ਚ ਸਵਾਰ ਕਰਕੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੇ ਜਲੌਅ (ਜਲੂਸ) ਨੂੰ ਅਗਵਾਈ ਦਿੱਤੀ। ਬੱਚਿਆਂ ਨੇ ਗੁਰੂ ਦੀ ਹਜ਼ੂਰੀ ’ਚ ਕੀਰਤਨ ਕੀਤਾ।
-ਕੀਰਤਨ ਕਰਦੇ ਹੋਏ ਰਾਗੀ।

ਇਸ ਰੌਣਕ ਭਰੇ ਮਾਹੌਲ ਨੂੰ ਏ ਐਂਡ ਏ ਫੋਟੋਗ੍ਰਾਫਰ ਸੁਨੀਲ ਮੱਲੀ ਨੇ ਆਪਣੇ ਕੈਮਰੇ ’ਚ ਦਰਜ ਕੀਤਾ। ਦਰਬਾਰ ਸਾਹਿਬ ’ਚ ਦੀਵਾਨ ਦੀ ਹਾਜ਼ਰੀ ਭਰਦਿਆਂ ਭਾਈ ਮਨਜੀਤ ਸਿੰਘ ਇੰਡਿਆਨਾ ਅਤੇ ਮੁੱਖ ਗ੍ਰੰਥੀ ਭਾਈ ਹੇਮ ਸਿੰਘ ਜੀ ਨੇ ਸ਼ਬਦ ਵਿਚਾਰ ਰਾਹੀਂ ਖਾਲਸਾ ਦਿਵਸ ਦਾ ਮਹੱਤਵ ਸੰਗਤਾਂ ਨੂੰ ਸਰਵਣ ਕਰਵਾਇਆ। ਉਪਰੰਤ ਢਾਡੀ ਜਗਸੀਰ ਸਿੰਘ ਅਤੇ ਸਾਥੀਆਂ ਨੇ ਢੱਡ ਸਾਰੰਗੀ ਨਾਲ ਵਾਰਾਂ ਗਾ ਕੇ ਸੰਗਤਾਂ ਵਿਚ ਬੀਰ-ਰਸ ਭਰ ਦਿੱਤਾ। ਪ੍ਰਬੰਧਕ ਸੇਵਾਦਾਰਾਂ ਨੇ ਖਾਲਸਾ ਸਾਜਨਾਂ ਦਿਵਸ ਦੀ ਵਧਾਈ ਦਿੱਤੀ। ਸੰਗਤ ਅਤੇ ਬਾਕੀ ਸੇਵਾਦਾਰਾਂ ਦਾ ਧੰਨਵਾਦ ਕੀਤਾ। ਡਾ. ਦਰਸ਼ਨ ਸਿੰਘ ਸਹਿਬੀ ਨੇ ਸੰਗਤ ਲਈ ਚਲਾਈ ਜਾ ਰਹੀ ਫ੍ਰੀ ਡਿਸਪੈਂਸਰੀ ਬਾਰੇ ਜਾਣਕਾਰੀ ਦਿੱਤੀ। ਉਪਰੰਤ ਸਮਾਪਤੀ ਅਰਦਾਸ ’ਚ ਇੰਡਆਨਾ ਸੂਬੇ ਦੇ ਸ਼ਹਿਰ ਫੇਅਰਫ਼ੈਕਸ ’ਚ ਵਾਪਰੀ ਦੁਖਦਾਈ ਘਟਨਾ ’ਚ ਮਾਰੇ ਗਏ ਵਿਆਕਤੀਆਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਗਈ ਅਤੇ ਸੰਗਤ ਨੂੰ ਲੰਗਰ ਛਕਾਏ ਗਏ।


Share