ਡਿਪਟੀ ਸਪੀਕਰ ਕਾਂਗਰਸਵੁਮੈਨ ਕੈਥਰੀਨ ਕਲਾਰਕ ਦਾ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਪੁੱਜਣ ’ਤੇ ਨਿੱਘਾ ਸਵਾਗਤ

222
ਡਿਪਟੀ ਸਪੀਕਰ ਕਾਂਗਰਸਵੁਮੈਨ ਕੈਥਰੀਨ ਕਲਾਰਕ ਦਾ ਮਿਲਪੀਟਸ ਵਿਖੇ ਸਵਾਗਤ ਕਰਦੇ ਹੋਏ ਡਾ. ਪ੍ਰਿਤਪਾਲ ਸਿੰਘ, ਡਾ. ਇਕਤਿਦਾਰ ਚੀਮਾ ਅਤੇ ਹਰਪ੍ਰੀਤ ਸਿੰਘ ਸੰਧੂ।
Share

-ਸਿੱਖ ਆਗੂਆਂ ਨੇ ਸਿੱਖ ਮਸਲਿਆਂ ਤੋਂ ਕਰਵਾਇਆ ਜਾਣੂੰ
ਮਿਲਪੀਟਸ, 20 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸੰਸਦ ਵਿਚ ਡਿਪਟੀ ਸਪੀਕਰ ਕਾਂਗਰਸਵੁਮੈਨ ਕੈਥਰੀਨ ਕਲਾਰਕ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਸੱਦੇ ’ਤੇ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਪਧਾਰੇ। ਸਿੱਖ ਭਾਈਚਾਰੇ ਦੇ ਬਹੁਤ ਸਾਰੇ ਆਗੂ ਇਸ ਪ੍ਰਭਾਵਸ਼ਾਲੀ ਅਮਰੀਕਨ ਲੀਡਰ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਸਨ, ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਡਾ. ਇਕਤਿਦਾਰ ਚੀਮਾ, ਹਰਪ੍ਰੀਤ ਸਿੰਘ ਸੰਧੂ, ਜਸਵੰਤ ਸਿੰਘ ਹੋਠੀ, ਮਹਿੰਦਰ ਸਿੰਘ ਮਾਨ, ਜਸਦੇਵ ਸਿੰਘ, ਕਰਮਜੀਤ ਸਿੰਘ ਸ਼ਾਹੀ, ਜਸਵਿੰਦਰ ਸਿੰਘ ਜੰਡੀ, ਜਸਜੀਤ ਸਿੰਘ, ਅਮਨ ਕੌਰ ਭੁੱਲਰ ਵੀ ਹਾਜ਼ਰ ਸਨ।

ਇਸ ਸਮਾਗਮ ਦੀ ਸ਼ੁਰੂਆਤ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਡਿਪਟੀ ਸਪੀਕਰ ਕੈਥਰੀਨ ਕਲਾਰਕ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਨ੍ਹਾਂ ਦਾ ਇਥੇ ਪਹੁੰਚਣ ’ਤੇ ਭਰਪੂਰ ਸਵਾਗਤ ਕੀਤਾ। ਡਾ. ਪਿ੍ਰਤਪਾਲ ਸਿੰਘ ਨੇ ਡਿਪਟੀ ਸਪੀਕਰ ਕੈਥਰੀਨ ਕਲਾਰਕ ਵੱਲੋਂ ਵਿਸਾਖੀ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਾਨਤਾ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਉਪਰੰਤ ਅਮਰੀਕਨ ਸਿੱਖ ਕਾਕਸ ਦੇ ਹਰਪ੍ਰੀਤ ਸਿੰਘ ਸੰਧੂ ਨੇ ਵਿਸਥਾਰ ਨਾਲ ਅਮਰੀਕਾ ਵਿਚ ਸਿੱਖਾਂ ਦੀ ਆਮਦ ਬਾਰੇ ਅਤੇ ਅਮਰੀਕੀ ਰਾਜਨੀਤੀ ਵਿਚ ਸਿੱਖਾਂ ਦੀ ਸ਼ਮੂਲੀਅਤ ਬਾਰੇ ਡਿਪਟੀ ਸਪੀਕਰ ਨੂੰ ਜਾਣਕਾਰੀ ਦਿੱਤੀ। ਹਾਜ਼ਰ ਸਿੱਖ ਆਗੂਆਂ ਵੱਲੋਂ ਅਮਰੀਕਾ ਵਿਚ ਸਿੱਖ ਮਸਲਿਆਂ ਬਾਰੇ, ਸਿੱਖਾਂ ਦੀ ਅਮਰੀਕਾ ਵਿਚ ਗਲਤ ਪਛਾਣ ਬਾਰੇ ਮਸਲੇ ਵਿਚਾਰੇ। ਇਸ ਦੇ ਨਾਲ-ਨਾਲ ਕੁੱਝ ਆਗੂਆਂ ਨੇ ਭਾਰਤ ਵਿਚ ਸਿੱਖ ਨਸਲਕੁਸ਼ੀ ਬਾਰੇ ਵੀ ਆਵਾਜ਼ ਚੁੱਕੀ।
ਯੂਨਾਈਟਿਡ ਨੇਸ਼ਨ ਦੇ ਡਾ. ਇਕਤਿਦਾਰ ਚੀਮਾ ਨੇ ਭਾਰਤ ਵਿਚ ਸਿੱਖਾਂ ’ਤੇ ਹੋਏ ਨਸਲਕੁਸ਼ੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਾਂਗਰਸਵੁਮੈਨ ਨੂੰ ਅਪੀਲ ਕੀਤੀ ਕਿ ਇਸ ਸੰਬੰਧੀ ਸਿੱਖ ਕੌਮ ਦੀ ਹਮਾਇਤ ਕੀਤੀ ਜਾਵੇ, ਤਾਂ ਕਿ ਲੰਮੇ ਸਮੇਂ ਤੋਂ ਲਟਕ ਰਹੇ ਇਸ ਮਾਮਲੇ ਦਾ ਇਨਸਾਫ ਮਿਲ ਸਕੇ।
ਡਿਪਟੀ ਸਪੀਕਰ ਕਾਂਗਰਸਵੁਮੈਨ ਕੈਥਰੀਨ ਕਲਾਰਕ ਨੇ ਆਪਣੀ ਤਕਰੀਰ ਵਿਚ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੈ ਕਿ ਉਹ ਅੱਜ ਇਥੇ ਸਿੱਖ ਕੌਮ ਦੇ ਰੂਬਰੂ ਹੋਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮੈਂ ਸਿੱਖ ਨਸਲਕੁਸ਼ੀ ਦੇ ਖਿਲਾਫ ਆਵਾਜ਼ ਚੁੱਕਾਂਗੀ। ਉਨ੍ਹਾਂ ਮੰਨਿਆ ਕਿ ਇਹ ਬੜਾ ਘਿਨੌਣਾ ਅਪਰਾਧ ਹੈ। ਡਿਪਟੀ ਸਪੀਕਰ ਕੈਥਰੀਨ ਕਲਾਰਕ ਨੇ ਕਿਹਾ ਕਿ ਸਿੱਖ ਕੌਮ ਇਕ ਮਿਹਨਤਕਸ਼ ਕੌਮ ਹੈ ਅਤੇ ਇਨ੍ਹਾਂ ਵੱਲੋਂ ਅਮਰੀਕਾ ਦੀ ਤਰੱਕੀ ’ਚ ਪਾਏ ਵੱਡਮੁੱਲੇ ਯੋਗਦਾਨ ਲਈ ਸਾਨੂੰ ਇਸ ਕੌਮ ਦਾ ਧੰਨਵਾਦੀ ਹੋਣਾ ਚਾਹੀਦਾ ਹੈ।

Share