ਡਾ. ਸੁਖਪਾਲ ਸੰਘੇੜਾ ਦੀ ਕਵਿਤਾ ਦਾ ਸਾਹਿਤਕ ਮੁਲਾਂਕਣ

365
ਵਿਸ਼ਵ ਪੰਜਾਬੀ ਸਾਹਿਤਕ ਅਕੈਡਮੀ ਕੈਲੀਫੋਰਨੀਆ ਦੀ ਮਾਸਿਕ ਜ਼ੂਮ ਮਿਲਣੀ ਦੌਰਾਨ ਹਾਜ਼ਰ ਪਤਵੰਤੇ।
Share

ਸੈਨਹੋਜ਼ੇ, 31 ਮਾਰਚ (ਚਰਨਜੀਤ ਸਿੰਘ ਪੰਨੂ/ਪੰਜਾਬ ਮੇਲ)- ਵਿਸ਼ਵ ਪੰਜਾਬੀ ਸਾਹਿਤਕ ਅਕੈਡਮੀ ਕੈਲੀਫੋਰਨੀਆ ਦੀ ਮਾਸਿਕ ਜ਼ੂਮ ਮਿਲਣੀ ਦਾ ਆਯੋਜਨ ਕੀਤਾ ਗਿਆ। ਆਰੰਭ ’ਚ ਜਨਰਲ ਸਕੱਤਰ ਕੁਲਵਿੰਦਰ ਪਲਾਹੀ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਤੇ ਪ੍ਰਧਾਨ ਡਾ. ਸੁਖਵਿੰਦਰ ਕੰਬੋਜ ਨੂੰ ਸਵਾਗਤੀ ਭਾਸ਼ਣ ਲਈ ਸੱਦਾ ਦਿੱਤਾ। ਡਾ. ਕੰਬੋਜ ਨੇ ਰਸਮੀ ਤੌਰ ’ਤੇ ਹਾਜ਼ਰ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪਾਸ਼ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਕੁਰਬਾਨੀਆਂ ਨੂੰ ਪ੍ਰਣਾਮ ਕੀਤਾ। 23 ਮਾਰਚ ਦੇ ਕੌਮਾਂਤਰੀ ਆਜ਼ਾਦੀ ਦੇ ਸ਼ਹੀਦਾਂ ਸਮੇਤ ਡਾ. ਜਗਤਾਰ ਅਤੇ ਪ੍ਰੋ. ਨਿਰੰਜਨ ਸਿੰਘ ਢੇਸੀ ਨੂੰ ਉਨ੍ਹਾਂ ਦੀ ਸਾਹਿਤਕ ਦੇਣ ਲਈ ਸ਼ਰਧਾਂਜਲੀ ਭੇਟ ਕੀਤੀ ਗਈ। ਚਰਨਜੀਤ ਸਿੰਘ ਪੰਨੂ ਨੇ ਪਿਛਲੇ ਮਹੀਨੇ ਪ੍ਰਕਾਸ਼ਿਤ ਰਿਪੋਰਟ ਬਾਰੇ ਜਾਣਕਾਰੀ ਸਾਂਝ ਕੀਤੀ। ਤਾਰਾ ਸਿੰਘ ਸਾਗਰ ਨੇ ਵਿਪਸਾ ਦੀ ਆਮਦਨ ਖ਼ਰਚ ਦਾ ਲੇਖਾ-ਜੋਖਾ ਦਿੱਤਾ।
ਦੂਜੇ ਸੈਸ਼ਨ ’ਚ ਕਿੱਤੇ ਵਜੋਂ ਵਿਗਿਆਨੀ ਪ੍ਰਗਤੀਵਾਦੀ ਸਾਹਿਤਕਾਰ ਡਾ. ਸੁਖਪਾਲ ਸੰਘੇੜਾ ਦੇ ਕਾਵਿ ਸੰਸਾਰ ਦਾ ਆਲੋਚਨਾਤਮਿਕ ਅਧਿਐਨ ਕੀਤਾ ਗਿਆ। ਦਰਜਨ ਤੋਂ ਵੱਧ ਪੁਸਤਕਾਂ ਨਾਲ ਪੰਜਾਬੀ ਸਾਹਿਤ ਨੂੰ ਮਾਲੋ-ਮਾਲ ਕਰਨ ਵਾਲੇ ਸੁਖਪਾਲ ਸੰਘੇੜਾ ਦੇ ਕਾਵਿ-ਸੰਸਾਰ ਦੀ ਜਾਣ-ਪਛਾਣ ਕਰਵਾਉਂਦੇ ਹੋਏ ਗੁਲਸ਼ਨ ਦਿਆਲ ਨੇ ਡਾ. ਉਮਿੰਦਰ ਜੌਹਲ (ਇੰਡੀਆ) ਨੂੰ ਪੇਪਰ ਪੜ੍ਹਨ ਲਈ ਸੱਦਾ ਦਿੱਤਾ। ਡਾ. ਜੌਹਲ ਨੇ ਸੁਖਪਾਲ ਸੰਘੇੜਾ ਦੀ ਪੁਸਤਕ ‘ਕਿੱਸਿਆਂ ਦੇ ਕੈਦੀ’ ਨੂੰ ਆਧਾਰ ਬਣਾ ਕੇ ਲਿਖੇ ਪੇਪਰ ਪੜ੍ਹਦੇ ਹੋਏ ਕਿਹਾ ਕਿ ਇਹ ਸੱਭਿਆਚਾਰਕ ਸੀਮਾਵਾਂ ਦੀ ਨਿਸ਼ਾਨਦੇਹੀ ਕਰਦੀ ਕਵਿਤਾ ਹੈ। ਸੰਘੇੜਾ ਦੀ ਕਾਵਿਕ ਦਿ੍ਰਸ਼ਟੀ ਅਤੀਤ ਮੁਖੀ ਨਹੀਂ, ਸਗੋਂ ਇਤਿਹਾਸ ਮੁਖੀ ਹੈ। ਇਹ ਸ਼ਾਇਰ ਸੱਭਿਆਚਾਰਕ ਸਥਿਤੀਆਂ ਦੇ ਮੰਥਨ ਮੁੱਖ ਰੱਖ ਕੇ ਕਵਿਤਾ ਦੀ ਰਚਨਾ ਕਰਦਾ ਹੈ। ਇਸ ਲਈ ਇਹ ਕਹਿਣਾ ਵਧੇਰੇ ਉਚਿਤ ਹੋਵੇਗਾ ਕਿ ਇਹ ਕਵਿਤਾ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਮੰਥਨ ਹੈ। ਇਹ ਉਹ ਕਵਿਤਾ ਹੈ, ਜੋ ਸਾਨੂੰ ਚਿੰਤਨਸ਼ੀਲ ਵਰਤਾਰੇ ਨੂੰ ਸਮਝਣ ਦੇ ਯੋਗ ਬਣਾਉਂਦੀ ਹੈ। ‘ਗਾਗਰਾਂ ਦੇ ਸਾਗਰ ਸਾਡੇ ਬਜ਼ੁਰਗਾਂ ਨੇ ਭਰ ਦਿੱਤੇ। ਸਾਗਰ ਚੀਰਨ ਲਈ ਹੁੰਦੇ ਨੇ, ਡੁੱਬਣ ਲਈ ਨਹੀਂ।’ ਉਨ੍ਹਾਂ ਸੰਘੇੜਾ ਦੀ ਕਵਿਤਾ ਦਾ ਪਾਸ਼ ਦੀ ਕਵਿਤਾ ਨਾਲ ਤੁਲਨਾ ਕਰਦੇ ਵਿਚਾਰ ਅਤੇ ਭਾਸ਼ਾ ਦੇ ਪ੍ਰਸੰਗ ਨੂੰ ਨਿਵੇਕਲੇ ਰੂਪ ’ਚ ਉਭਾਰਦੇ ਹੋਏ ਕਿਹਾ ਕਿ ਸੰਘੇੜਾ ਦੀ ਕਵਿਤਾ ਉਸ ਦੌਰ ਦੀ ਡੱਡੂ ਬਣੀ ਪੰਜਾਬੀ ਕਵਿਤਾ ਅੱਗੇ ਕਈ ਸਵਾਲ ਖੜ੍ਹੇ ਕਰਦੀ ਹੈ:
ਸਿੰਧ ਘਾਟੀ ਦੇ ਜਿੰਦੇ ਖੰਡਰ, ਗੌਤਮ ਬੁੱਧ ਤੇ ਕਲਾ ਕਲੰਦਰ, ਆਇਨਸਟਾਈਨ ਕਈ ਮੇਰੇ ਅੰਦਰ, ਗੁਰਦੁਆਰਾ, ਚਰਚ ਤੇ ਮੰਦਰ, ਸਭ ਦੇ ਸਭ ਰਹੇ ਸੁੱਤੇ, ਕੁੱਝ ਨਾ ਪ੍ਰਗਟਿਆ।
ਡਾ. ਸੁਹਿੰਦਰਬੀਰ ਸਿੰਘ ਨੇ ਕਿਹਾ ਕਿ ਸੁਖਪਾਲ ਦਾ ਪਰਿਵਾਰ ਪ੍ਰੰਪਰਾਗਤ ਅਵਸਥਾ ਨੂੰ ਅੱਗੇ ਤੋਰ ਰਿਹਾ ਸੀ ਪਰ ਸਾਹਿਤ ਸਾਧਨਾ ਵਿਚ ਸੁਖਪਾਲ ਨੇ ਪ੍ਰੰਪਰਿਕ ਵਿਵਸਥਾ ਦਾ ਵਿਰੋਧ ਕੀਤਾ ਹੈ। ਉਸ ਦੀ ਸਮੁੱਚੀ ਕਵਿਤਾ ਨਕਸਲਵਾਦ ਦੇ ਪ੍ਰਭਾਵ ਅਧੀਨ ਰੋਹ ਅਤੇ ਵਿਦਰੋਹ ਦੀ ਬਿਰਤੀ ਅਪਣਾਉਂਦੀ ਹੈ:
ਅਸੀਂ ਜੋ ਸੱਥ ਵਿਚ ਹੀਰ ਗਾਉਂਦੇ ਹਾਂ, ਘਰ ਵਿਚ ਧੀ ਦੇ ਨੱਕ ਵਿਚ ਨਕੇਲ ਪਾਉਂਦੇ ਹਾਂ, ਕੋਈ ਜੁਰਮ ਨਹੀਂ ਕਰਦੇ, ਕਿੱਸਿਆਂ ਦਾ ਕੈਦੀ ਹਾਂ?।
ਰਵਿੰਦਰ ਸਹਿਰਾਅ ਨੇ ਸੁਖਪਾਲ ਸੰਘੇੜਾ ਬਾਰੇ ਕਿਹਾ ਕਿ ਉਹ ਸੁਖਪਾਲ ਨੂੰ 1973 ਤੋਂ ਜਾਣਦੇ ਹਨ। ਉਹ ਦੋਵੇਂ ਸਮਕਾਲੀ, ਪੰਜਾਬ ਸਟੂਡੈਂਟ ਯੂਨੀਅਨ ’ਚ ਸਰਗਰਮ ਸਨ। ਸੁਖਪਾਲ ਅਕਸਰ ਵੱਡੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਦੇ। ਪਹਿਲਾਂ ਉਹ ਸੁਖਪਾਲ ਰਣਜੀਤ ਪੁਰੀ ਨਾਂ ਨਾਲ ਲਿਖਦੇ ਸਨ। ਉਹ ਵਿਚਾਰਧਾਰਕ ਪੱਖੋਂ ਪਰਪੱਕ ਸਨ। ਸੰਘੇੜਾ ਆਪਣੀ ਕਵਿਤਾ ਲਿਖਣ ਤੋਂ ਪਹਿਲਾਂ ਪ੍ਰੋ. ਮੋਹਣ ਸਿੰਘ, ਅੰਮਿ੍ਰਤਾ ਪ੍ਰੀਤਮ ਅਤੇ ਬਾਵਾ ਬਲਵੰਤ ਆਦਿ ਨੂੰ ਪੜ੍ਹ ਕੇ ਉਸ ਕਵਿਤਾ ਨੂੰ ਅੱਗੇ ਤੋਰਨ ਦੇ ਇੱਛੁਕ ਸਨ। ਸਹਿਰਾਅ ਨੇ ਕਿਹਾ ਕਿ ਜਿਸ ਢੰਗ ਨਾਲ ਸੁਖਪਾਲ ਦੀ ਕਵਿਤਾ ਦਾ ਗਹਿਨ ਅਧਿਐਨ ਹੋਇਆ ਹੈ, ਉਹ ਉਸ ਤੋਂ ਪ੍ਰਭਾਵਿਤ ਹੋਏ ਹਨ।
ਡਾ. ਸੁਖਪਾਲ ਸੰਘੇੜਾ ਨੇ ਡਾ. ਉਮਿੰਦਰ ਜੌਹਲ, ਡਾ. ਸੁਖਵਿੰਦਰ ਕੰਬੋਜ ਅਤੇ ਵਿਪਸਾ ਦਾ ਧੰਨਵਾਦ ਕਰਦੇ ਹੋਏ ‘ਮੇਲਾ ਨਹੀਂ ਅੰਦੋਲਨ ਹਾਂ’ ਕਵਿਤਾ ਪੜ੍ਹੀ, ਜਿਸ ਉੱਪਰ ਮੁੜ ਚਰਚਾ ਹੋਈ। ਅਮਰਜੀਤ ਕੌਰ ਪੰਨੂੰ, ਡਾ. ਗੁਰਪ੍ਰੀਤ ਸਿੰਘ ਧੁੱਗਾ, ਚਰਨਜੀਤ ਸਿੰਘ ਪੰਨੂ ਅਤੇ ਲਾਜ ਨੀਲਮ ਸੈਣੀ ਨੇ ਡਾ. ਜੌਹਲ ਦੇ ਪੇਪਰ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਵਿਚਾਰ ਅਤੇ ਕਵਿਤਾ ਦੇ ਪ੍ਰਸੰਗ ਨੇ ਉਨ੍ਹਾਂ ਲਈ ਸੋਚਾਂ ਦੀ ਇਕ ਹੋਰ ਖਿੜਕੀ ਖੋਲ੍ਹ ਦਿੱਤੀ ਹੈ। ਵਿਪਸਾ ਦੇ ਸਮੂਹ ਮੈਂਬਰਾਂ ਨੂੰ ਡਾ. ਜੌਹਲ ਦੀ ਪੇਪਰ ਪੇਸ਼ਕਾਰੀ ਨੇ ਵੀ ਪ੍ਰਭਾਵਿਤ ਕੀਤਾ। ਜਨਰਲ ਸਕੱਤਰ ਕੁਲਵਿੰਦਰ ਪਲਾਹੀ ਨੇ ਕਿਹਾ ਕਿ ਅਪ੍ਰੈਲ ਮਹੀਨੇ ਦੀ ਮੀਟਿੰਗ ’ਚ ਚਰਨਜੀਤ ਸਿੰਘ ਪੰਨੂ ਦੀ ਸਾਹਿਤਕਤਾ ਬਾਰੇ ਡਾ. ਰਜਿੰਦਰ ਸਿੰਘ ਤੇ ਡਾ. ਸੋਹਿੰਦਰਬੀਰ ਸਿੰਘ ਪਰਚਾ ਪੜ੍ਹਨਗੇ।
ਤੀਜੇ ਸੈਸ਼ਨ ਦਾ ਮੰਚ ਸੰਚਾਲਨ ਲਾਜ ਨੀਲਮ ਸੈਣੀ ਨੇ ਕੀਤਾ। ਮਹਿੰਦਰ ਸਿੰਘ ਸੰਘੇੜਾ, ਐਸ਼ਕਮ ਐਸ਼, ਸੁਖਪਾਲ ਸੰਘੇੜਾ, ਤਾਰਾ ਸਿੰਘ ਸਾਗਰ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਚਰਨਜੀਤ ਸਿੰਘ ਪੰਨੂ, ਰਵਿੰਦਰ ਸਹਿਰਾਅ, ਡਾ. ਗੁਰਪ੍ਰੀਤ ਧੁੱਗਾ, ਗੁਲਸ਼ਨ ਦਿਆਲ, ਲਾਜ ਨੀਲਮ ਸੈਣੀ ਅਤੇ ਕੁਲਵਿੰਦਰ ਨੇ ਸ਼ਾਮ ’ਚ ਕਾਵਿਕ ਰੰਗ ਭਰੇ। ਸੁਰਿੰਦਰ ਸੀਰਤ ਨੇ ਡਾ. ਜਗਤਾਰ ਦੀ ਗ਼ਜ਼ਲ ਨਾਲ ਹਾਜ਼ਰੀ ਭਰੀ। ਅੰਤ ਵਿਚ ਡਾ. ਸੁਖਵਿੰਦਰ ਕੰਬੋਜ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ। ਲਾਜ ਨੀਲਮ ਸੈਣੀ ਨੇ ਰਿਪੋਰਟ ਕਲਮਬੰਦ ਕੀਤਾ।

Share