ਡਾ. ਜਸਵਿੰਦਰ ਸਿੰਘ ਦਿਲਾਵਰੀ ਫੈਡਰਲ ਲਿਬਰਲ ਪਾਰਟੀ ’ਚ ਸ਼ਾਮਲ

71
Share

-ਐੱਮ.ਪੀ. ਸੁੱਖ ਧਾਲੀਵਾਲ ਤੇ ਰਣਦੀਪ ਸਰਾਏ ਵੱਲੋਂ ਸਵਾਗਤ
ਸਰੀ, 29 ਜੂਨ (ਹਰਦਮ ਮਾਨ/ਪੰਜਾਬ ਮੇਲ)- 2019 ਦੀਆਂ ਫੈਡਰਲ ਚੋਣਾਂ ’ਚ ਸਰੀ ਸੈਂਟਰ ਤੋਂ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਵਜੋਂ ਐੱਮ.ਪੀ. ਦੀ ਚੋਣ ਲੜਨ ਵਾਲੇ ਡਾ. ਜਸਵਿੰਦਰ ਸਿੰਘ ਦਿਲਾਵਰੀ ਨੇ ਪੀਪਲਜ਼ ਪਾਰਟੀ ਨੂੰ ਅਲਵਿਦਾ ਆਖਦਿਆਂ ਫੈਡਰਲ ਲਿਬਰਲ ਪਾਰਟੀ ’ਚ ਸ਼ਮੂਲੀਅਤ ਕਰ ਲਈ ਹੈ। ਉਨ੍ਹਾਂ ਲਿਬਰਲ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਸਰੀ ਨਿਊਟਨ ਤੋਂ ਲਿਬਰਲ ਐੱਮ.ਪੀ. ਸੁੱਖ ਧਾਲੀਵਾਲ ਅਤੇ ਸਰੀ ਸੈਂਟਰ ਤੋਂ ਲਿਬਰਲ ਐੱਮ.ਪੀ. ਰਣਦੀਪ ਸਿੰਘ ਸਰਾਏ ਦੀ ਮੌਜੂਦਗੀ ’ਚ ਕੀਤਾ।¿;
ਇਸ ਸਬੰਧੀ ਟਵਿੱਟਰ ਉਪਰ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਦਿਲਾਵਰੀ ਨੇ ਕਿਹਾ ਹੈ ਕਿ ਉਹ ਕੋਵਿਡ ਮਹਾਂਮਾਰੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਅਤੇ ਲਿਬਰਲ ਆਗੂ ਜਸਟਿਨ ਟਰੂਡੋ ਦੀ ਯੋਗ ਅਗਵਾਈ ਤੋਂ ਬਹੁਤ ਪ੍ਰਭਾਵਿਤ ਹਨ, ਜਿਨ੍ਹਾਂ ਨੇ ਇਸ ਸੰਕਟ ਦੀ ਘੜੀ ’ਚੋਂ ਨਿਕਲਣ ਲਈ ਮੁਲਕ ਦੀ ਪੜਾਅ ਦਰ ਪੜਾਅ ਬਿਹਤਰੀਨ ਰਹਿਨੁਮਾਈ ਕੀਤੀ। ਇਸ ਮੌਕੇ ਸੁੱਖ ਧਾਲੀਵਾਲ ਅਤੇ ਰਣਦੀਪ ਸਰਾਏ ਨੇ ਸ਼੍ਰੀ ਦਿਲਾਵਰੀ ਦੇ ਲਿਬਰਲ ਪਾਰਟੀ ’ਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਪਾਰਟੀ ਨੂੰ ਹੇਠਲੇ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਸਹਾਈ ਹੋਣਗੇ।
ਜ਼ਿਕਰਯੋਗ ਹੈ ਕਿ ਕੰਪਿਊਟਰ ਸਾਇੰਸ ਵਿਚ ਪੀ.ਐੱਚ.ਡੀ. ਦੀ ਉਪਾਧੀ ਪ੍ਰਾਪਤ ਡਾ. ਜਸਵਿੰਦਰ ਸਿੰਘ ਦਿਲਾਵਰੀ ਅੱਜਕੱਲ੍ਹ ਇਕ ਰੀਐਲਟਰ ਅਤੇ ਅੰਗਰੇਜ਼ੀ ਮੈਗਜੀਨ ‘‘ਟੈਬਲਾਇਡ ਕੈਨੇਡਾ’’ ਦੇ ਐਡੀਟਰ ਅਤੇ ਪਬਲਿਸ਼ਰ ਵੀ ਹਨ। ਉਹ ਪਿਛਲੀਆਂ ਚੋਣਾਂ ਦੌਰਾਨ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਪ੍ਰਧਾਨ ਮੈਕਸੀਅਮ ਬਰਨੀਅਰ ਦੇ ਬੀ.ਸੀ. ਦੇ ਸਲਾਹਕਾਰਾਂ ’ਚੋਂ ਇਕ ਸਨ। ਉਹ ਕੈਨੇਡਾ ਪ੍ਰਵਾਸ ਕਰਨ ਤੋਂ ਪਹਿਲਾਂ ਪੰਜਾਬ ’ਚ ਇਕ ਇੰਜੀਨੀਅਰਿੰਗ ਕਾਲਜ ਦੇ ਪਿ੍ਰੰਸੀਪਲ ਤੋਂ ਇਲਾਵਾ ਮੋਹਾਲੀ ਪ੍ਰੈੱਸ ਕਲੱਬ ਦੇ ਸਲਾਹਕਾਰ ਅਤੇ ਯੂਥ ਅਕਾਲੀ ਦਲ ਦੇ ਮੀਡੀਆ ਕੋਆਰਡੀਨੇਟਰ ਵਜੋਂ ਵੀ ਕੰਮ ਕਰ ਚੁੱਕੇ ਹਨ।

Share