ਡਾ. ਜਸਵਿੰਦਰ ਕੌਰ ਢਿੱਲੋਂ ਦੀ ਖੋਜ ਪੁਸਤਕ ਦਾ ਲੋਕ ਅਰਪਣ

128
ਖੋਜ ਪੁਸਤਕ ਨੂੰ ਲੋਕ ਅਰਪਣ ਕਰਨ ਦੌਰਾਨ ਹਾਜ਼ਰ ਪਤਵੰਤੇ ਸੱਜਣ।
Share

ਪਟਿਆਲਾ, 8 ਮਾਰਚ (ਹਰਦਮ ਮਾਨ/ਪੰਜਾਬ ਮੇਲ)- ‘ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਵਿਖੇ ‘ਭਾਈ ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਯੂ.ਕੇ.’ ਦੇ ਸਹਿਯੋਗ ਨਾਲ ਡਾ. ਜਸਵਿੰਦਰ ਕੌਰ ਢਿੱਲੋਂ ਰਿਸਰਚ ਸਕਾਲਰ ਵੱਲੋਂ ‘ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਗੁਰਮਤਿ ਚਿੰਤਨ ਸਿਧਾਂਤਿਕ ਤੇ ਇਤਿਹਾਸਿਕ ਪਰੀਪੇਖ’ ਵਿਸ਼ੇ ’ਤੇ ਲਿਖੇ ਪੀ.ਐੱਚ.ਡੀ. ਥੀਸਸ ਦੀ ਪੁਸਤਕ ਰਿਲੀਜ਼ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ’ਤੇ ਹੋਰ ਖੋਜ ਕਰਨ ਦੀ ਲੋੜ ਹੈ। ਉਨ੍ਹਾਂ ਦੇ ਜੀਵਨ ’ਤੇ ਕੀਤੀ ਗਈ ਖੋਜ ਨੌਜਵਾਨੀ ਦੀ ਸੋਚ ਬਦਲਣ ਵਿਚ ਮਹੱਤਵਪੂਰਨ ਯੋਗਦਾਨ ਪਾਵੇਗੀ। ਉਨ੍ਹਾਂ ਨੇ ਵਿਵੇਕ ਅਤੇ ਸ਼ਰਧਾ ਦੇ ਸੁਮੇਲ ਨਾਲ ਆਪਣੀਆਂ ਪੁਸਤਕਾਂ ਦੀ ਬਾਖ਼ੂਬੀ ਰਚਨਾ ਕੀਤੀ। ਡਾ. ਜਸਵਿੰਦਰ ਕੌਰ ਨੇ ਵੀ ਬਾਖ਼ੂਬੀ ਨਾਲ ਖੋਜ ਕਰਕੇ ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੱਤਾ ਹੈ।
ਇਹ ਸਮਾਗਮ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਦੀ ਆਰੰਭਤਾ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ’ਤੇ ਇਸ ਖੋਜ ਦੇ ਕਾਰਜ ਲਈ ਡਾ. ਜਸਵਿੰਦਰ ਕੌਰ ਢਿੱਲੋਂ ਨੂੰ ‘ਭਾਈ ਸਾਹਿਬ ਭਾਈ ਰਣਧੀਰ ਸਿੰਘ ਮੈਮੋਰੀਅਲ ਅਵਾਰਡ’ ਪ੍ਰਦਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਸਿੱਖ ਸਮੁਦਾਇ ਸਿੱਖ ਵਿਚਾਰਧਾਰਾ ਅਤੇ ਪ੍ਰੰਪਰਾਵਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰ ਰਹੀ। ਇਸ ਕਰਕੇ ਉਨ੍ਹਾਂ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਜੀਵਨ ਸ਼ੈਲੀ ਨੂੰ ਰੋਲ ਮਾਡਲ ਬਣਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਵਰਲਡ ਪੰਜਾਬੀ ਸੈਂਟਰ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਵਿਚਾਰਧਾਰਾ ਸੰਸਾਰ ਲਈ ਮਾਰਗ ਦਰਸ਼ਕ ਸਾਬਤ ਹੋ ਸਕਦੀ ਹੈ। ਡਾ. ਜਸਵਿੰਦਰ ਕੌਰ ਢਿੱਲੋਂ ਨੇ ਇਸ ਖੋਜ ਸੰਬੰਧੀ ਵਿਸਥਾਰਪੂਰਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅੱਗੋਂ ਕਿਹਾ ਕਿ ਭਾਈ ਰਣਧੀਰ ਸਿੰਘ ਨੇ ਇਸ ਵਿਚਾਰਧਾਰਾ ’ਤੇ ਪਹਿਰਾ ਦਿੱਤਾ ਹੈ। ਭਾਈ ਸਹਿਬ ਸਿੱਖ ਵਿਰਾਸਤ ਦੇ ਰਾਜਦੂਤ ਹਨ। ਪਿ੍ਰੰਸੀਪਲ ਗੁਰਮਤਿ ਕਾਲਜ ਡਾ. ਜਸਵੀਰ ਕੌਰ, ਡਾ. ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਨਿਧੜਕ ਸਿੰਘ ਬਰਾੜ, ਭਾਈ ਅਮਰਿੰਦਰ ਸਿੰਘ ਸਾਬਕ ਐੱਸ.ਜੀ.ਪੀ.ਸੀ. ਮੈਂਬਰ ਚੰਡੀਗੜ੍ਹ ਅਤੇ ਮਨਪ੍ਰੀਤ ਸਿੰਘ (ਸੰਪਾਦਕ ਆਤਮ ਰੰਗ) ਨੇ ਪੁਸਤਕ ’ਤੇ ਭਖਵੀਂ ਵਿਚਾਰ ਚਰਚਾ ਵਿਚ ਹਿੱਸਾ ਲਿਖਿਆ।
ਇਸ ਮੌਕੇ ’ਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ-ਰਵਾਂ ਜੈਤੇਗ ਸਿੰਘ ਅਨੰਤ ਦਾ ਸੰਦੇਸ਼ ਉਜਾਗਰ ਸਿੰਘ ਨੇ ਪੜ੍ਹ ਕੇ ਸੁਣਾਇਆ। ਡਾ. ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਮਾਗਮ ਨੂੰ ਯੋਜਨਬੱਧ ਢੰਗ ਨਾਲ ਚਲਾਇਆ। ਹਰਿਦਰਸ਼ਨ ਮੈਮੋਰੀਅਲ ਟਰੱਸਟ ਦੇ ਪ੍ਰਤੀਨਿਧ ਜੋਤਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਭਾਈ ਸਾਹਿਬ ਦੀ ਵਿਚਾਰਧਾਰਾ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ। ਇਸ ਸਮਾਗਮ ਵਿਚ ਪ੍ਰੋ. ਹਰੀ ਸਿੰਘ ਬੋਪਾਰਾਏ, ਭਾਈ ਇਕਬਾਲ ਸਿੰਘ ਲੁਧਿਆਣਾ ਅਤੇ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

Share