ਡਾ: ਜਸਮੀਤ ਕੌਰ ਬੈਂਸ ਨੇ ਸੂਬਾ ਵਿਧਾਨ ਸਭਾ ਲਈ ਉਮੀਦਵਾਰੀ ਦਾ ਐਲਾਨ ਕੀਤਾ

321
Share

ਕੈਲੀਫੋਰਨੀਆ, 18 ਨਵੰਬਰ (ਪੰਜਾਬ ਮੇਲ)- ਕੈਲੀਫੋਰਨੀਆ ’ਚ ਸਿੱਖ 100 ਸਾਲ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਹਨ। ਵੱਖ-ਵੱਖ ਖੇਤਰਾਂ ’ਚ ਸਿੱਖ ਭਾਈਚਾਰੇ ਨੇ ਚੰਗਾ ਨਾਮਣਾ ਖੱਟਿਆ ਹੈ। ਹੁਣ ਸਿੱਖ ਨੌਜਵਾਨ ਲੜਕੀ ਡਾ. ਜਸਮੀਤ ਕੌਰ ਬੈਂਸ ਨੇ ਬੇਕਰਸਫੀਲਡ ਤੋਂ ਅਸੈਂਬਲੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਉਹ ਅਸੈਂਬਲੀ ਮੈਂਬਰ ਰੂਡੀ ਸਾਲਸ ਦੀ ਥਾਂ ਲੈਣ ਲਈ ਚੋਣ ਲੜ ਰਹੀ ਹੈ, ਜੋ ਹੁਣ ਕਾਂਗਰਸ ਦੀ ਚੋਣ ਲੜਨ ਜਾ ਰਹੇ ਹਨ।

ਡਾ. ਜਸਮੀਤ ਬੈਂਸ ਨੇ ਕਿਹਾ ਕਿ ਮੈਂ ਕੈਲੀਫੋਰਨੀਆ ਸਟੇਟ ਅਸੈਂਬਲੀ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਲਈ ਬਹੁਤ ਹੀ ਉਤਸ਼ਾਹਿਤ ਹਾਂ। ਅਸੀਂ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ ਉਹ ਛੋਟੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਸਿਹਤ ਸੰਭਾਲ, ਚੰਗੀ ਤਨਖਾਹ, ਸਿਹਤ ਸਹੂਲਤਾਂ, ਚੰਗੀਆਂ ਨੌਕਰੀਆਂ, ਸਾਫ ਹਵਾ ਅਤੇ ਪਾਣੀ ਲਈ ਆਵਾਜ਼ ਉਠਾਏਗੀ, ਜਿਸ ਨਾਲ ਅਸੀਂ ਹਰੇਕ ਨੂੰ ਬਿਹਤਰ ਭਵਿੱਖ ਦੇ ਸਕਦੇ ਹਾਂ।

ਸਿੱਖ ਅਮਰੀਕੀ ਮਾਪਿਆਂ ਦੀ ਧੀ, ਡਾ. ਜਸਮੀਤ ਕੌਰ ਬੈਂਸ ਵੈਲੀ ’ਚ ਵੱਡੀ ਹੋਈ ਅਤੇ ਉਸਨੇ ਆਪਣੇ ਪਿਤਾ ਨੂੰ ਮਿਹਨਤ ਕਰਕੇ ਇਕ ਸਫਲ ਕਾਰੋਬਾਰੀ ਬਣਦਿਆਂ ਦੇਖਿਆ। ਉਨ੍ਹਾਂ ਦੇ ਪਿਤਾ ਸ. ਦਵਿੰਦਰ ਸਿੰਘ ਬੈਂਸ ਟਰਲੱਕ ਵਿਖੇ ਇਕ ਵੱਡੀ ਕਾਰ ਡੀਲਰਸ਼ਿਪ ਦੇ ਮਾਲਕ ਹਨ। ਡਾ. ਬੈਂਸ ਇੱਕ ਪਰਿਵਾਰਕ ਡਾਕਟਰ ਹੈ, ਜੋ ਵੈਲੀ ਵਿਚ ਪ੍ਰਾਇਮਰੀ ਹੈਲਥਕੇਅਰ ਦੇ ਨਾਲ-ਨਾਲ ਨਸ਼ਾ ਮੁਕਤੀ ਦਾ ਇਲਾਜ ਪ੍ਰਦਾਨ ਕਰਦੀ ਹੈ।

ਡਾ. ਬੈਂਸ ਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਮੋਹਰਲੀ ਕਤਾਰ ’ਚ ਮਰੀਜ਼ਾਂ ਦੀ ਜੀਅ-ਜਾਨ ਨਾਲ ਮਦਦ ਕੀਤੀ। ਉਹ ਕੇਰਨ ਰਿਜਨਲ ਸੈਂਟਰ ਬੋਰਡ ਦੇ ਪ੍ਰਧਾਨ ਵਜੋਂ ਕੰਮ ਕਰਦੇ ਹਨ, ਜੋ ਬੌਧਿਕ ਅਤੇ ਵਿਕਾਸ ਸੰਬੰਧੀ ਅਸਮਰਥਤਾਵਾਂ ਵਾਲੇ ਵਿਅਕਤੀਆਂ ਦੀ ਸੇਵਾ ਕਰਦਾ ਹੈ।

ਡਾ. ਜਸਮੀਤ ਕੌਰ ਬੈਂਸ ਪੰਜਾਬੀ ਭਾਈਚਾਰੇ ਵਿਚ ਇਕ ਜਾਣਿਆ-ਪਹਿਚਾਣਿਆ ਚਿਹਰਾ ਹੈ। ਉਹ ਲੰਮੇ ਸਮੇਂ ਤੋਂ ਜਿੱਥੇ ਆਪਣੇ ਪ੍ਰੋਫੈਸ਼ਨ ਵਿਚ ਪੂਰੀ ਤਨਦੇਹੀ ਨਾਲ ਕੰਮ ਕਰਦੇ ਹਨ, ਉਥੇ ਉਹ ਹਮੇਸ਼ਾ ਹੀ ਲੋਕ ਸੇਵਾ ਲਈ ਤੱਤਪਰ ਰਹੇ ਹਨ।

ਜੇਕਰ ਉਹ ਰਾਜ ਵਿਧਾਨ ਸਭਾ ਲਈ ਚੁਣੇ ਜਾਂਦੇ ਹਨ, ਤਾਂ ਉਹ ਕੈਲੀਫੋਰਨੀਆ ’ਚ ਚੁਣੀ ਜਾਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਅਤੇ ਪਹਿਲੀ ਸਿੱਖ ਅਮਰੀਕੀ ਹੋਵੇਗੀ।

 


Share